ਚੰਡੀਗੜ੍ਹ, 30 ਜਨਵਰੀ 2023: ਸ਼ੈਫਾਲੀ ਵਰਮਾ (Shefali Verma) ਦੀ ਕਪਤਾਨੀ ਹੇਠ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪਹਿਲਾ ਆਈਸੀਸੀ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤ ਲਿਆ । ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਮਹਿਲਾ ਕ੍ਰਿਕਟ ਵਿੱਚ ਕਿਸੇ ਵੀ ਪੱਧਰ ‘ਤੇ ਆਈਸੀਸੀ ਵਿਸ਼ਵ ਕੱਪ ਜਿੱਤਿਆ ਹੈ।
ਭਾਰਤੀ ਟੀਮ ਨੇ ਫਾਈਨਲ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਦੱਖਣੀ ਅਫਰੀਕਾ ਦੇ ਪੋਚੇਸਟਰੂਮ ਸਟੇਡੀਅਮ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਇੰਗਲੈਂਡ ਨੂੰ 17.1 ਓਵਰਾਂ ‘ਚ 68 ਦੌੜਾਂ ‘ਤੇ ਆਊਟ ਕਰ ਦਿੱਤਾ। ਭਾਰਤ ਨੇ 14 ਓਵਰਾਂ ‘ਚ 3 ਵਿਕਟਾਂ ‘ਤੇ 69 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
ਭਾਰਤ ਦੀ ਸੌਮਿਆ ਤਿਵਾਰੀ ਨੇ ਜੇਤੂ ਸ਼ਾਟ ਲਗਾਇਆ। 6 ਦੌੜਾਂ ਦੇ ਕੇ 2 ਵਿਕਟਾਂ ਲੈਣ ਵਾਲੇ ਤੀਤਾਸ ਸਾਧੂ ਪਲੇਅਰ ਆਫ ਦਿ ਮੈਚ ਰਹੇ। ਇਸ ਦੇ ਨਾਲ ਹੀ ਉਪ ਕਪਤਾਨ ਸ਼ਵੇਤਾ ਸਹਿਰਵਤ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 297 ਦੌੜਾਂ ਬਣਾਈਆਂ।
ਇਸ ਦੌਰਾਨ ਇੰਨੀ ਵੱਡੀ ਸਫਲਤਾ ਦੇ ਬਾਵਜੂਦ ਸ਼ੈਫਾਲੀ ਸੰਤੁਸ਼ਟ ਨਹੀਂ ਹੈ। ਉਹ ਕਹਿੰਦੀ ਹੈ – ਇਹ ਤਾਂ ਸ਼ੁਰੂਆਤ ਹੈ। ਸ਼ੈਫਾਲੀ ਵਰਮਾ (Shefali Verma) ਨੇ ਕਿਹਾ ਕਿ ਉਹ ਸਿਰਫ ਇਸ ਟਰਾਫੀ ਨਾਲ ਦੱਖਣੀ ਅਫਰੀਕਾ ਤੋਂ ਭਾਰਤ ਨਹੀਂ ਜਾਣਾ ਚਾਹੁੰਦੀ। ਉਹ ਸੀਨੀਅਰ ਟੀ-20 ਵਿਸ਼ਵ ਕੱਪ ਟਰਾਫੀ ਵੀ ਜਿੱਤਣਾ ਚਾਹੁੰਦੀ ਹੈ। ਇਹ ਟੂਰਨਾਮੈਂਟ 10 ਫਰਵਰੀ ਤੋਂ ਦੱਖਣੀ ਅਫਰੀਕਾ ਵਿੱਚ ਹੀ ਸ਼ੁਰੂ ਹੋ ਰਿਹਾ ਹੈ। ਸ਼ੈਫਾਲੀ ਇਸ ‘ਚ ਭਾਰਤ ਦੀ ਸੀਨੀਅਰ ਮਹਿਲਾ ਟੀਮ ਦੀ ਨੁਮਾਇੰਦਗੀ ਕਰੇਗੀ।
ਸ਼ੈਫਾਲੀ ਨੇ ਫਾਈਨਲ ਮੈਚ ਤੋਂ ਬਾਅਦ ਕਿਹਾ ਕਿ ਮੈਂ ਉਨ੍ਹਾਂ ਖਿਡਾਰੀਆਂ ‘ਚੋਂ ਹਾਂ ਜੋ ਇਕ ਵਾਰ ‘ਚ ਇਕ ਟੂਰਨਾਮੈਂਟ ‘ਤੇ ਧਿਆਨ ਕੇਂਦਰਤ ਕਰਦੀ ਹੈ। ਜਦੋਂ ਮੈਂ ਅੰਡਰ-19 ਵਿਸ਼ਵ ਕੱਪ ਦੀ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਮੇਰਾ ਧਿਆਨ ਸਿਰਫ ਇਸ ਟੂਰਨਾਮੈਂਟ ਨੂੰ ਜਿੱਤਣ ‘ਤੇ ਸੀ। ਹੁਣ ਮੈਂ ਆਪਣੇ ਆਤਮ ਵਿਸ਼ਵਾਸ ਨੂੰ ਅੱਗੇ ਵਧਾਵਾਂਗੀ ਅਤੇ ਸੀਨੀਅਰ ਵਿਸ਼ਵ ਕੱਪ ਵੀ ਜਿੱਤਾਂਗਾ। ਹੁਣ ਮੈਂ ਅੰਡਰ-19 ਨੂੰ ਭੁੱਲ ਕੇ ਸੀਨੀਅਰ ਟੀਮ ‘ਤੇ ਧਿਆਨ ਦੇਵਾਂਗੀ ਅਤੇ ਮਿਲ ਕੇ ਵਿਸ਼ਵ ਕੱਪ ਜਿੱਤਾਂਗੀ ।
ਸ਼ੈਫਾਲੀ ਨੇ ਅੰਡਰ-19 ਵਿਸ਼ਵ ਕੱਪ ‘ਚ ਹਰਫਨਮੌਲਾ ਪ੍ਰਦਰਸ਼ਨ ਕੀਤਾ ਸੀ। ਸ਼ੈਫਾਲੀ ਨੇ ਸਾਰੇ 7 ਮੈਚ ਖੇਡੇ ਅਤੇ 172 ਦੌੜਾਂ ਬਣਾਈਆਂ। ਉਸ ਨੇ ਚਾਰ ਵਿਕਟਾਂ ਵੀ ਲਈਆਂ। ਸ਼ੈਫਾਲੀ ਨੇ 8 ਸਾਲ ਦੀ ਉਮਰ ‘ਚ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਸਿਰਫ 15 ਸਾਲ ਦੀ ਉਮਰ ‘ਚ ਸ਼ੈਫਾਲੀ ਨੇ ਟੀ-20 ਤੋਂ ਅੰਤਰਰਾਸ਼ਟਰੀ ਕ੍ਰਿਕਟ ‘ਚ ਐਂਟਰੀ ਕੀਤੀ ਸੀ। 19 ਸਾਲ ਦੀ ਉਮਰ ਵਿੱਚ ਸ਼ੈਫਾਲੀ ਵਰਮਾ ਨੇ ਅੰਡਰ-19 ਕ੍ਰਿਕਟ ਟੀਮ ਦੀ ਕਪਤਾਨੀ ਕੀਤੀ ਹੈ।