Aam Aadmi clinics

ਆਮ ਆਦਮੀ ਕਲੀਨਿਕਾਂ ਦੇ ਰੂਪ ‘ਚ ਪੰਜਾਬ ਸਰਕਾਰ ਨੇ ਸਿਰਜਿਆ ਇਤਿਹਾਸ: ਵਿਧਾਇਕ ਕੁਲਵੰਤ ਸਿੰਘ

ਐੱਸ.ਏ.ਐੱਸ. ਨਗਰ, 27 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਸੁਤੰਤਰਤਾ ਦਿਵਸ ਮੌਕੇ ਅਤੇ ਹੁਣ ਗਣਤੰਤਰ ਦਿਵਸ ਤੋਂ ਇਕ ਦਿਨ ਬਾਅਦ ਸੈਂਕੜਿਆਂ ਦੀ ਗਿਣਤੀ ਵਿਚ ਆਮ ਆਦਮੀ ਕਲੀਨਿਕ (Aam Aadmi clinics) ਲੋਕਾਂ ਨੂੰ ਸਮਰਪਿਤ ਕਰ ਕੇ ਇਤਿਹਾਸ ਸਿਰਜਿਆ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਐੱਸ.ਏ.ਐੱਸ ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਫੇਜ਼- 11 ਵਿਖੇ ਸਥਾਪਿਤ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ।

ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਕਲੀਨਿਕ ਸੂਬੇ ਭਰ ਵਿਚ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾ ਰਹੇ ਹਨ। ਇਸ ਮੌਕੇ ਉਹਨਾਂ ਨੇ ਬਾਰੀਕੀ ਨਾਲ ਕਲੀਨਿਕ ਦਾ ਜਾਇਜ਼ਾ ਲਿਆ ਤੇ ਸਟਾਫ਼ ਨਾਲ ਗੱਲਬਾਤ ਕੀਤੀ।ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਲੋਕਾਂ ਨੂੰ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹ ਲਗਾਤਾਰ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਸੇ ਲੜੀ ਤਹਿਤ ਇਹ ਕਲੀਨਿਕ ਖੋਲ੍ਹੇ ਜਾ ਰਹੇ ਹਨ।

ਹਰੇਕ ਆਮ ਆਦਮੀ ਕਲੀਨਿਕ ਵਿੱਚ ਮਰੀਜ਼ਾਂ ਦੇ ਇਲਾਜ ਤੇ ਬਿਮਾਰੀਆਂ ਦਾ ਪਤਾ ਲਗਾਉਣ ਲਈ ਐਮ.ਬੀ.ਬੀ.ਐਸ. ਡਾਕਟਰ, ਫਾਰਮਾਸਿਸਟ, ਨਰਸ ਤੇ ਹੋਰ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਵੱਡੀ ਗਿਣਤੀ ਦਵਾਈਆਂ ਤੇ ਕਲੀਨਿਕਲ ਟੈਸਟ ਦੀ ਸਹੂਲਤ ਲੋਕਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ।

ਸ. ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਪੜਾਅਵਾਰ ਇਹ ਕਲੀਨਿਕ ਪਿੰਡ-ਪਿੰਡ ਖੋਲ੍ਹ ਦਿੱਤੇ ਜਾਣੇ ਹਨ। ਵਿਧਾਇਕ ਨੇ ਕਿਹਾ ਕਿ ਇਹਨਾਂ ਕਲੀਨਿਕਾਂ ਨਾਲ ਪੰਜਾਬ ਵਿੱਚ ਸਿਹਤ ਸੰਭਾਲ ਢਾਂਚੇ ਵਿੱਚ ਮਿਸਾਲੀ ਸੁਧਾਰ ਹੋ ਰਹੇ ਹਨ। ਸਿਹਤ ਸਹੂਲਤਾਂ ਪੱਖੋਂ ਪੰਜਾਬ ਪੂਰੇ ਦੇਸ਼ ਵਿੱਚੋਂ ਮੋਹਰੀ ਬਣ ਕੇ ਉਭਰੇਗਾ।

Kulwant Singh

ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਖੋ-ਵੱਖ ਵਿਭਾਗਾਂ ਵਿਚ ਭਰਤੀ ਲਗਾਤਾਰ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਅਦਾਰੇ ਤੇ ਸੰਸਥਾ ਵਿਚ ਸਟਾਫ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਲੋਕਾਂ ਦੀਆਂ ਮੁਸ਼ਕਲਾਂ ਹਰ ਹਾਲ ਹੱਲ ਹੋਣਗੀਆਂ। ਇਸ ਮੌਕੇ ਉਹਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਮ ਆਦਮੀ ਕਲੀਨਿਕਸ ਲੋਕ ਅਰਪਣ ਕਰਨ ਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਇਆ ਸੂਬਾ ਪੱਧਰੀ ਸਮਾਗਮ ਵੀ ਆਨਲਾਈਨ ਦੇਖਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਹਨਾਂ ਕਲੀਨਿਕਸ ਦੇ ਰੂਪ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਨੇੜੇ ਹੀ ਮਿਲ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹ ਕਲੀਨਿਕਸ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐੱਸ. ਡੀ. ਐੱਮ. ਮੋਹਾਲੀ ਸਰਬਜੀਤ ਕੌਰ, ਸੀਨੀਅਰ ਆਗੂ ਮਾਲਵਿੰਦਰ ਸਿੰਘ ਕੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।

Scroll to Top