ਚੰਡੀਗੜ੍ਹ, 27 ਜਨਵਰੀ 2023: (IND VS NZ T20) ਨਿਊਜ਼ੀਲੈਂਡ (New Zealand) ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 3-0 ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ (India) ਹੁਣ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਰਾਂਚੀ ‘ਚ ਸ਼ਾਮ 7 ਵਜੇ ਖੇਡਿਆ ਜਾਵੇਗਾ। ਹਾਰਦਿਕ ਪੰਡਯਾ ਦੀ ਅਗਵਾਈ ‘ਚ ਨੌਜਵਾਨ ਭਾਰਤੀ ਟੀਮ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਅੱਗੇ ਵੀ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਚਾਹੇਗੀ।
ਇਸ ਦੇ ਨਾਲ ਹੀ ਨਿਊਜ਼ੀਲੈਂਡ (New Zealand) ਦੀ ਕਮਾਨ ਤਜਰਬੇਕਾਰ ਆਲਰਾਊਂਡਰ ਮਿਸ਼ੇਲ ਸੈਂਟਨਰ ਦੇ ਹੱਥਾਂ ‘ਚ ਹੈ। ਹਾਲਾਂਕਿ ਸੈਂਟਨਰ ਕੋਲ ਕਪਤਾਨੀ ਦਾ ਜ਼ਿਆਦਾ ਅਨੁਭਵ ਨਹੀਂ ਹੈ। ਅਜਿਹੇ ‘ਚ ਭਾਰਤੀ ਟੀਮ ਇਸ ਦਾ ਫਾਇਦਾ ਉਠਾ ਸਕਦੀ ਹੈ।
ਭਾਰਤ (India) ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤੱਕ ਕੁੱਲ 22 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 10 ਜਿੱਤੇ ਹਨ, ਜਦਕਿ ਕੀਵੀ ਟੀਮ ਨੇ ਨੌਂ ਮੈਚ ਜਿੱਤੇ ਹਨ। ਤਿੰਨ ਮੈਚ ਬਰਾਬਰ ਰਹੇ। ਦੋਵੇਂ ਟੀਮਾਂ ਭਾਰਤ ਵਿੱਚ ਅੱਠ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਨ੍ਹਾਂ ‘ਚੋਂ ਭਾਰਤੀ ਟੀਮ ਨੇ ਪੰਜ ਵਾਰ ਜਿੱਤ ਦਰਜ ਕੀਤੀ, ਜਦਕਿ ਨਿਊਜ਼ੀਲੈਂਡ ਨੇ ਤਿੰਨ ਮੈਚ ਜਿੱਤੇ। ਭਾਰਤ ਅਤੇ ਨਿਊਜ਼ੀਲੈਂਡ ਦੀ ਟੀਮ ਰਾਂਚੀ ਵਿੱਚ ਇੱਕ ਵਾਰ ਆਹਮੋ-ਸਾਹਮਣੇ ਹੋ ਚੁੱਕੀ ਹੈ। 2021 ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਟੀਮ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।