ਚੰਡੀਗੜ੍ਹ, 27 ਜਨਵਰੀ 2023: ਪੰਜਾਬ ਦੇ ਲੁਧਿਆਣਾ (Ludhiana Police) ਵਿੱਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਸਕਰ ਮਹਾਂਨਗਰ ਵਿੱਚ ਨਸ਼ੇ ਦੇ ਨਾਲ-ਨਾਲ ਹਥਿਆਰਾਂ ਦੀ ਸਪਲਾਈ ਵੀ ਕਰਦੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 4 ਨਾਜਾਇਜ਼ ਪਿਸਤੌਲ, 3 ਮੈਗਜ਼ੀਨ ਅਤੇ 17 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ ਇੱਕ ਹੋਰ ਕਾਰ ਅਤੇ 7 ਲੱਖ 70 ਹਜ਼ਾਰ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ।
ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਰੋਮੀ ਵਾਸੀ ਕੋਟ ਮੰਗਲ ਗਲੀ ਨੰਬਰ 12 ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਰਾਮਾ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਸੀਆਈਏ-2 ਦੀ ਪੁਲਿਸ ਨੇ 25 ਜਨਵਰੀ ਨੂੰ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਮੋਗਾ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 20 ਗ੍ਰਾਮ ਹੈਰੋਇਨ ਅਤੇ 1 ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਨੇ ਗੁਰਪ੍ਰੀਤ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 6 ਵਿੱਚ ਕੇਸ ਦਰਜ ਕਰ ਲਿਆ ਹੈ।
ਪੁਲਿਸ ਵਲੋਂ ਕੀਤੀ ਪੁੱਛਗਿੱਛ ‘ਚ ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀ ਅਮਨਦੀਪ ਸਿੰਘ ਉਰਫ਼ ਰੋਮੀ ਦਾ ਨਾਂਅ ਉਜਾਗਰ ਕੀਤਾ | ਗੁਰਪ੍ਰੀਤ ਦੀ ਇਸ਼ਾਰੇ ‘ਤੇ ਪੁਲਿਸ ਨੇ ਰੋਮੀ ਨੂੰ ਗ੍ਰਿਫਤਾਰ ਕਰ ਲਿਆ। ਛਾਪੇਮਾਰੀ ਦੌਰਾਨ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਕਾਬੂ ਕਰ ਲਿਆ ਗਿਆ।
ਲੁਧਿਆਣਾ ਪੁਲਿਸ (Ludhiana Police) ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਰੋਮੀ ਕੋਲੋਂ 80 ਗ੍ਰਾਮ ਹੈਰੋਇਨ, 7 ਲੱਖ 70 ਹਜ਼ਾਰ ਦੀ ਡਰੱਗ ਮਨੀ, 3 ਪਿਸਤੌਲ 32 ਬੋਰ, ਮੈਗਜ਼ੀਨ ਸਮੇਤ 11 ਜਿੰਦਾ ਕਾਰਤੂਸ ਅਤੇ ਇੱਕ ਹੋਰ ਕਾਰ ਬਰਾਮਦ ਕੀਤੀ ਹੈ। ਬੇਅੰਤ ਜੁਨੇਜਾ ਨੇ ਟੀਮ ਦੀ ਸਖ਼ਤ ਮਿਹਨਤ ਨਾਲ ਇਸ ਅਪਰੇਸ਼ਨ ਨੂੰ ਸਫ਼ਲ ਬਣਾਇਆ। ਇਸ ਮੌਕੇ ਉਨ੍ਹਾਂ ਨਾਲ ਡੀਸੀਪੀ ਵਰਿੰਦਰ ਬਰਾੜਾ ਅਤੇ ਏਡੀਸੀਪੀ ਰੁਪਿੰਦਰ ਕੌਰ ਸਰਾਂ ਵੀ ਮੌਜੂਦ ਸਨ।
ਪੁਲਿਸ ਦੇ ਮੁਤਾਬਕ ਸਮੱਗਲਰ ਅਮਨਦੀਪ ਸਿੰਘ ਰੋਮੀ ਖ਼ਿਲਾਫ਼ 5 ਕੇਸ ਦਰਜ ਹਨ। ਇਸ ਦੇ ਨਾਲ ਹੀ ਮੁਲਜ਼ਮ ਗੁਰਪ੍ਰੀਤ ਸਿੰਘ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੈ | ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਬਦਮਾਸ਼ ਹਥਿਆਰ ਕਿੱਥੋਂ ਲੈ ਕੇ ਆਏ ਸਨ ਅਤੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ।