ਚੰਡੀਗੜ੍ਹ, 26 ਜਨਵਰੀ 2023: ਭਾਰਤ ਨੂੰ ਅਗਲੇ ਮਹੀਨੇ ਆਸਟਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਅਹਿਮ ਟੈਸਟ ਲੜੀ ਖੇਡਣੀ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣ ਲਈ ਭਾਰਤ ਲਈ ਇਹ ਸੀਰੀਜ਼ ਬਹੁਤ ਮਹੱਤਵਪੂਰਨ ਹੈ। ਭਾਰਤ ਨੂੰ ਕਿਸੇ ਵੀ ਹਾਲਤ ਵਿੱਚ ਆਸਟਰੇਲੀਆ ਖ਼ਿਲਾਫ਼ ਘੱਟੋ-ਘੱਟ ਦੋ ਮੈਚ ਜਿੱਤਣੇ ਹੋਣਗੇ।
ਜੇਕਰ ਸੀਰੀਜ਼ ਭਾਰਤ ‘ਚ ਹੁੰਦੀ ਹੈ ਤਾਂ ਇਸ ‘ਚ ਸਪਿਨ ਦੀ ਭੂਮਿਕਾ ਅਹਿਮ ਹੋਵੇਗੀ। ਚੋਣਕਾਰਾਂ ਨੇ ਇਸ ਸੀਰੀਜ਼ ਲਈ ਭਾਰਤੀ ਟੀਮ ‘ਚ ਚਾਰ ਸਪਿਨਰਾਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ‘ਚ ਰਵਿੰਦਰ ਜਡੇਜਾ (Ravindra Jadeja) ਦਾ ਨਾਂ ਵੀ ਸ਼ਾਮਲ ਹੈ। ਹਾਲਾਂਕਿ ਟੀਮ ‘ਚ ਉਸ ਦੀ ਚੋਣ ਉਸ ਦੀ ਫਿਟਨੈੱਸ ਦੇ ਆਧਾਰ ‘ਤੇ ਹੋਵੇਗੀ।
ਜਡੇਜਾ (Ravindra Jadeja) ਫਿਲਹਾਲ ਚੇਨਈ ‘ਚ ਤਾਮਿਲਨਾਡੂ ਖਿਲਾਫ ਸੌਰਾਸ਼ਟਰ ਲਈ ਰਣਜੀ ਮੈਚ ਖੇਡ ਰਿਹਾ ਹੈ। ਪੰਜ ਮਹੀਨਿਆਂ ਬਾਅਦ ਮੈਦਾਨ ‘ਤੇ ਵਾਪਸੀ ਕਰ ਰਹੇ ਜਡੇਜਾ ਨੇ ਤਾਮਿਲਨਾਡੂ ਖ਼ਿਲਾਫ਼ ਗੇਂਦ ਨਾਲ ਤਬਾਹੀ ਮਚਾਈ ਹੈ। ਉਸ ਨੇ ਦੂਜੀ ਪਾਰੀ ਵਿੱਚ 17.1 ਓਵਰਾਂ ਵਿੱਚ 53 ਦੌੜਾਂ ਦੇ ਕੇ ਸੱਤ ਵਿਕਟਾਂ ਲੈ ਕੇ ਵਾਪਸੀ ਦੇ ਸੰਕੇਤ ਦਿੱਤੇ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ।
ਜਡੇਜਾ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਸੌਰਾਸ਼ਟਰ ਨੂੰ 266 ਦੌੜਾਂ ਦਾ ਟੀਚਾ ਮਿਲਿਆ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਸੌਰਾਸ਼ਟਰ ਨੇ ਇਕ ਵਿਕਟ ਗੁਆ ਕੇ ਚਾਰ ਦੌੜਾਂ ਬਣਾ ਲਈਆਂ ਹਨ। ਜਡੇਜਾ ਪਿਛਲੇ ਸਾਲ ਸਤੰਬਰ ‘ਚ ਏਸ਼ੀਆ ਕੱਪ ਦੌਰਾਨ ਜ਼ਖਮੀ ਹੋ ਗਏ ਸਨ। ਉਸ ਨੂੰ ਟੂਰਨਾਮੈਂਟ ਦੇ ਵਿਚਕਾਰ ਹੀ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਦੋਂ ਤੋਂ ਅਕਸ਼ਰ ਪਟੇਲ ਖੱਬੇ ਹੱਥ ਦੇ ਸਪਿਨਰ ਦੇ ਤੌਰ ‘ਤੇ ਟੀਮ ‘ਚ ਆਪਣੀ ਜਗ੍ਹਾ ‘ਤੇ ਖੇਡ ਰਹੇ ਹਨ।