IIT Ropar

ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿਖੇ ਪੰਜਾਬ ਦੇ ਸਿੱਖਿਆ ਵਿਭਾਗ ਦੀ ਹੋਵੇਗੀ ਵਿਚਾਰ ਗੋਸ਼ਟੀ: ਹਰਜੋਤ ਸਿੰਘ ਬੈਂਸ

ਐੱਸ. ਏ ਐੱਸ ਨਗਰ, 26 ਜਨਵਰੀ 2023: ਸਿੱਖਿਆ ਵਿਭਾਗ ਪੰਜਾਬ ਵੱਲੋ ਹਿਮਾਚਲ ਪ੍ਰਦੇਸ਼ (Himachal Pradesh) ਦੇ ਸ਼ਹਿਰ ਕਸੌਲੀ ਵਿਖੇ 27 ਅਤੇ 28 ਜਨਵਰੀ ਨੂੰ ਕਰਵਾਈ ਜਾ ਰਹੀ ਦੋ ਦਿਨਾਂ ਵਿਚਾਰ ਗੋਸ਼ਟੀ ਦੌਰਾਨ ਵਿਭਾਗ ਦੀ ਬਿਹਤਰੀ ਅਤੇ ਭਵਿੱਖ ਦੀ ਯੋਜਨਾਬੰਦੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਉਹ ਵਿਭਾਗ ਦੇ ਕੰਮਾਂ ਸਬੰਧੀ ਜ਼ਮੀਨੀ ਪੱਧਰ ਤੋਂ ਸਮੀਖਿਆ ਕਰਨਗੇ ਅਤੇ ਦੋ ਦਿਨਾਂ ਦੀ ਇਸ ਵਿਚਾਰ ਚਰਚਾ ਵਿੱਚ ਵਿਭਾਗ ਦੇ ਮੁੱਖ ਦਫ਼ਤਰ ਚੰਡੀਗੜ੍ਹ/ਮੋਹਾਲੀ ਵਿਖੇ ਤੈਨਾਤ ਸਾਰੇ ਉੱਚ ਅਫਸਰਾਂ ਤੋਂ ਇਲਾਵਾ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਵੀ ਹਿੱਸਾ ਲੈਣਗੇ |

ਬੈਂਸ ਨੇ ਦੱਸਿਆ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਭਾਗ ਅੰਦਰ ਚੱਲ ਰਹੀਆਂ ਯੋਜਨਾਵਾਂ ਦੇ ਮੁਲਾਂਕਣ ਵਾਸਤੇ ਸੂਬਾ ਸਰਕਾਰ ਵੱਲੋਂ ਪਹਿਲੀ ਵਾਰ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਵਿਚਾਰ ਵਟਾਂਦਰੇ ਰਾਹੀਂ ਭਵਿੱਖੀ ਨੀਤੀਆਂ ਵੀ ਬਣਾਈਆਂ ਜਾਣਗੀਆਂ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਵਿਭਾਗ ਦੇ ਹਰ ਕੰਮ ਦੀ ਜ਼ਿਲ੍ਹਾ ਵਾਰ ਫੀਡਬੈਕ ਲੈ ਰਹੇ ਜਿਸ ਵਾਸਤੇ ਜ਼ਿਲ੍ਹਾ ਅਤੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਨਾਲ ਮਿਲ-ਬੈਠ ਕੇ ਉਹਨਾਂ ਦੇ ਸੁਝਾਅ ਵੀ ਲੈਣਗੇ।

ਬੈਂਸ ਅਨੁਸਾਰ ਸੂਬੇ ਦੇ ਸਿੱਖਿਆ ਢਾਂਚੇ ਨੂੰ ਨਵੀਂ ਦਸ਼ਾ ਤੇ ਦਿਸ਼ਾ ਦੇਣ ਵਾਸਤੇ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਵਿਭਾਗ ਅੰਦਰ ਬਹੁਤ ਸਾਰੀਆਂ ਸਕੀਮਾਂ ਚੱਲ ਰਹੀਆਂ ਹਨ ਜਿੰਨਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ ਜਾਵੇਗੀ।

Scroll to Top