July 7, 2024 12:33 pm
Ram Rahim

ਹਰਿਆਣਾ ਸਰਕਾਰ ਨੇ ਡੇਰਾ ਮੁਖੀ ਰਾਮ ਰਹੀਮ ਦੀ 90 ਦਿਨਾਂ ਦੀ ਸਜ਼ਾ ਕੀਤੀ ਮੁਆਫ਼

ਚੰਡੀਗੜ੍ਹ 25 ਜਨਵਰੀ 2023: ਹਰਿਆਣਾ ਸਰਕਾਰ ਨੇ ਬਲਾਤਕਾਰ ਦੀ ਸਜ਼ਾ ਭੁਗਤ ਰਹੇ ਡੇਰਾ ਮੁਖੀ ਰਾਮ ਰਹੀਮ (Ram Rahim) ਦੀ 90 ਦਿਨਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ। ਹਰਿਆਣਾ ਸਰਕਾਰ ਨੇ ਗਣਤੰਤਰ ਦਿਵਸ ‘ਤੇ ਫੈਸਲਾ ਕੀਤਾ ਹੈ ਕਿ 10 ਸਾਲ ਤੋਂ ਵੱਧ ਦੀ ਸਜ਼ਾ ਵਾਲੇ ਕੈਦੀਆਂ ਨੂੰ ਤਿੰਨ ਮਹੀਨੇ ਦੀ ਛੋਟ ਦਿੱਤੀ ਜਾਵੇਗੀ। ਸਰਕਾਰ ਦੇ ਇਸ ਫੈਸਲੇ ਨਾਲ ਡੇਰਾ ਮੁਖੀ ਨੂੰ ਫਾਇਦਾ ਹੋਵੇਗਾ। ਫਿਲਹਾਲ ਰਾਮ ਰਹੀਮ ਪੈਰੋਲ ‘ਤੇ ਬਾਹਰ ਹੈ।

ਗਣਤੰਤਰ ਦਿਵਸ ਦੇ ਮੌਕੇ ‘ਤੇ ਹਰਿਆਣਾ ਵਿੱਚ ਅਪਰਾਧਿਕ ਅਧਿਕਾਰ ਖੇਤਰ ਦੀਆਂ ਅਦਾਲਤਾਂ ਦੁਆਰਾ ਸੁਣਾਈ ਗਈ ਸਜ਼ਾ ਕੱਟ ਰਹੇ ਕੈਦੀਆਂ ਨੂੰ 3 ਮਹੀਨਿਆਂ ਦੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਜਿਨ੍ਹਾਂ ਅਪਰਾਧੀਆਂ ਨੂੰ ਉਮਰ ਕੈਦ ਦੀ ਸਜ਼ਾ 10 ਸਾਲ ਜਾਂ ਇਸ ਤੋਂ ਵੱਧ ਦੀ ਹੈ, ਉਨ੍ਹਾਂ ਨੂੰ 90 ਦਿਨ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਅਪਰਾਧੀਆਂ ਨੂੰ ਪੰਜ ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਦੀ ਸਜ਼ਾ ਹੋਈ ਹੈ, ਉਨ੍ਹਾਂ ਨੂੰ 60 ਦਿਨਾਂ ਦੀ ਛੋਟ ਦਿੱਤੀ ਜਾਵੇਗੀ। ਪੰਜ ਸਾਲ ਤੋਂ ਘੱਟ ਦੀ ਸਜ਼ਾ ਵਾਲੇ ਕੈਦੀਆਂ ਨੂੰ 30 ਦਿਨਾਂ ਦੀ ਰਿਆਇਤ ਦਿੱਤੀ ਜਾਵੇਗੀ।

ਪੈਰੋਲ ਅਤੇ ਫਰਲੋ ਵਾਲਿਆਂ ਨੂੰ ਵੀ ਲਾਭ ਮਿਲੇਗਾ

ਹਰਿਆਣਾ ਦੇ ਊਰਜਾ ਅਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਯਾਨੀ 26 ਜਨਵਰੀ, 2023 ‘ਤੇ ਜੇਲ੍ਹ ਤੋਂ ਪੈਰੋਲ ਅਤੇ ਫਰਲੋ ‘ਤੇ ਆਏ ਸਾਰੇ ਅਪਰਾਧੀਆਂ ਨੂੰ ਵੀ ਇਹ ਛੋਟ ਦਿੱਤੀ ਜਾਵੇਗੀ। ਹਰਿਆਣਾ ਸਰਕਾਰ ਨੇ ਇਹ ਸ਼ਰਤ ਰੱਖੀ ਹੈ ਕਿ ਕੈਦੀ ਆਪਣੇ ਨਿਰਧਾਰਿਤ ਸਮੇਂ ‘ਤੇ ਸਬੰਧਤ ਜੇਲ੍ਹਾਂ ਵਿੱਚ ਆਤਮ-ਸਮਰਪਣ ਕਰ ਦੇਣ, ਅਜਿਹੀ ਸਥਿਤੀ ਵਿੱਚ ਕੈਦ ਦੀ ਬਾਕੀ ਮਿਆਦ ਲਈ ਇਹ ਛੋਟ ਦਿੱਤੀ ਜਾਵੇਗੀ।