ਕੇਂਦਰੀ ਪੰਜਾਬੀ ਲੇਖਕ ਸਭਾ

ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪੰਜਾਬ ਦੀਆਂ ਅਸਾਮੀਆਂ ਦੇ ਪੇਪਰਾਂ ‘ਚੋਂ ਮਾਂ ਬੋਲੀ ਪੰਜਾਬੀ ਨੂੰ ਬਾਹਰ ਕਰਨ ਸੰਬੰਧੀ CM ਮਾਨ ਨੂੰ ਲਿਖਿਆ ਪੱਤਰ

ਚੰਡੀਗੜ੍ਹ 24 ਜਨਵਰੀ 2023: ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਵਲੋਂ “ਮਾਂ ਬੋਲੀ ਪੰਜਾਬੀ” ਅਤੇ “ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ” ਨੂੰ ਪੰਜਾਬ ਦੇ ਗਰੁੱਪ ‘ਸੀ’ ਦੀਆਂ ਅਸਾਮੀਆਂ ਦੇ ਪੇਪਰਾਂ ਵਿੱਚੋਂ ਬਾਹਰ ਕਰਨ ਵੱਲ ਧਿਆਨ ਦਿਵਾਉਣ ਸਬੰਧੀ ਪੱਤਰ ਲਿਖਿਆ ਹੈ |

ਇਸ ਪੱਤਰ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਲਿਖਿਆ ਕਿ ਤੁਸੀਂ ਹਮੇਸ਼ਾਂ ਤੋਂ ਹੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਦੇਣ ਦੀ ਗੱਲ ਕਰਦੇ ਹੋਏ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਨੂੰ ਨੌਕਰੀ ਦੇਣ ਦੇ ਨਾਲ ਨਾਲ ਪੰਜਾਬ ਅਤੇ ਪੰਜਾਬੀਅਤ ਦਾ ਨਾਅਰਾ ਬੁਲੰਦ ਕਰਦੇ ਆਏ ਹੋ ਅਤੇ ਆਸ ਹੈ ਕਿ ਭਵਿੱਖ ਵਿੱਚ ਵੀ ਕਰਦੇ ਰਹੋਗੇਂ।

ਤੁਸੀਂ ਪੰਜਾਬ ਵਿੱਚ ‘ਗਰੁੱਪ ਸੀ’ ਦੀਆਂ ਭਰਤੀਆਂ ਲਈ ਨਿਯਮਾਂ ਵਿੱਚ ਸੋਧ ਕਰਕੇ ਪੰਜਾਬੀ ਮਾਂ ਬੋਲੀ ਦੇ ਕੁਆਲੀਫਾਇੰਗ ਪੇਪਰ ਦੀ ਸ਼ਰਤ ਨੂੰ ਲਾਗੂ ਕੀਤਾ ਹੈ, ਭਾਵੇਂ ਸਾਡੀ ਮੰਗ Punjab Domicile ਲਾਗੂ ਕਰਵਾਉਣ ਦੀ ਸੀ, ਪਰ ਫਿਰ ਵੀ ਅਸੀਂ ਤੁਹਾਡੇ ਇਸ ਪੰਜਾਬ ਪੱਖੀ ਫੈਸਲੇ ਦਾ ਸਵਾਗਤ ਕੀਤਾ ਹੈ, ਪ੍ਰੰਤੂ 21 ਜਨਵਰੀ 2023 ਭਾਵ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 21 ਫਰਵਰੀ 2023 ਤੋਂ ਸਹੀ ਇੱਕ ਮਹੀਨਾ ਪਹਿਲਾਂ PSSSB ਬੋਰਡ ਵੱਲੋਂ ਸਾਲ 2022 ਦੌਰਾਨ ਕੱਢੀਆਂ ਗਈਆਂ ਸਾਰੀਆਂ ਭਰਤੀਆਂ ਦਾ ਨਵਾਂ ਸਿਲੇਬਸ ਜਾਰੀ ਕਰਕੇ ਪੰਜਾਬ ਪੰਜਾਬੀ ਪੰਜਾਬੀਅਤ ਦਾ ਘਾਣ ਕੀਤਾ ਗਿਆ ਹੈ

ਜਿਸ ਵਿੱਚ ਪੰਜਾਬੀ ਦਾ ਪੇਪਰ “ਸੈਕਸ਼ਨ ੳ” 50 ਨੰਬਰ ਦਾ ਤਾਂ ਦੇ ਦਿੱਤਾ ਜੋ ਕਿ ਸਿਰਫ਼ ਕੁਆਲੀਫਾਇੰਗ ਹੈ ਤੇ ਨਾ ਹੀ ਕੋਈ ਨੈਗੇਟਿਵ ਮਾਰਕਿੰਗ ਰੱਖੀ ਗਈ ਐ, ਜਿਸ ਵਿੱਚੋਂ 25/50 ਨੰਬਰ ਲੈਣ ਵਾਲਾ ਕੁਆਲੀਫਾਈ ਕਰ ਲਵੇਗਾ, ਜੋ ਕਿ ਬੜਾ ਬਚਕਾਨਾ ਤੇ ਹਾਸੋਹੀਣਾ ਜਿਹਾ ਜਾਪਦਾ ਕਿ 25 ਨੰਬਰ ਤਾਂ ਜਵਾਕ ਵੀ ਲੈ ਜਾਣ।

ਦੁਜੇ ਪਾਸੇ ਮੁੱਖ ਸਿਲੇਬਸ “ਸੈਕਸ਼ਨ ਬੀ” ਵਿੱਚੋਂ “ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ” ਜੋ ਕਿ ਪੁਰਾਣੇ ਸਿਲੇਬਸ ਮੁਤਾਬਿਕ 35-40 ਨੰਬਰ ਦੇ ਸੀ, ਉਸਨੂੰ ਸਿਲੇਬਸ ਤੋਂ ਹੀ ਲਾਂਭੇ ਕਰਕੇ ਉਸਦੀ ਜਗ੍ਹਾ ਅੰਗਰੇਜ਼ੀ ਤੇ ਹੋਰ ਵਿਸ਼ਿਆਂ ਦੇ ਨੰਬਰ ਵਧਾ ਦਿਤੇ ਗਏ ਹਨ, ਜੋ ਕਿ ਮਾਂ ਬੋਲੀ ਪੰਜਾਬੀ ਤੇ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਪ੍ਰਤੀ ਮਤਰੇਆ ਰੱਵਈਆ ਹੈ, ਤੇ ਬਾਹਰਲੇ ਰਾਜਾਂ ਦੀ ਬੇਰੁਜ਼ਗਾਰ ਨੌਜਵਾਨੀ ਨੂੰ ਪੰਜਾਬ ਵਿੱਚ ਨੌਕਰੀ ਦੇਣ ਲਈ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸਾਡੇ ਸਾਰਿਆਂ ਵਿੱਚ ਬਹੁਤ ਜ਼ਿਆਦਾ ਰੋਸ ਹੈ।

ਇਸ ਲਈ ਅਸੀਂ ਪੰਜਾਬ ਦੇ ਸਮੁੱਚੇ ਬੇਰੁਜ਼ਗਾਰ ਨੌਜਵਾਨੀ ਵਰਗ ਵੱਲੋਂ ਆਪ ਜੀ ਪਾਸੋਂ ਇਸ ਮੰਗ ਪੱਤਰ ਰਾਹੀਂ ਮੰਗ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਵਿਸ਼ੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਸਾਡੇ ਵੱਲੋਂ ਹੇਠ ਲਿਖੇ ਅਨੁਸਾਰ ਦਿੱਤੇ ਜਾ ਰਹੇ ਸੁਝਾਵਾਂ ਪਰ ਗੌਰ ਕਰਦੇ ਹੋਏ ਜਲਦ ਤੋਂ ਜਲਦ ਅਗਲੇਰੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਕਿ੍ਪਾਲਤਾ ਕੀਤੀ ਜਾਵੇ ਜੀ।

1. ਮਾਂ ਬੋਲੀ ਪੰਜਾਬੀ ਦੇ ਕੁਆਲੀਫਾਇੰਗ ਵਾਲੇ 50 ਨੰਬਰ ਵਾਲੇ ਪੇਪਰ ਵਿੱਚੋਂ ਪ੍ਰਾਪਤ ਨੰਬਰ ਮੁੱਖ ਪ੍ਰੀਖਿਆ ਵਿੱਚ ਵੀ ਜੋੜੇ ਜਾਣ ਅਤੇ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਲਾਗੂ ਕੀਤੀ ਜਾਵੇ।

2. ਜੇਕਰ ਕਿਸੇ ਕਾਰਨ ਲੜੀ ਨੰ: 1 ਪਰ ਦਰਜ ਅਨੁਸਾਰ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਸਕਦੀ ਤਾਂ ਮਾਂ ਬੋਲੀ ਪੰਜਾਬੀ ਦੇ ਕੁਆਲੀਫਾਇੰਗ ਵਾਲੇ 50 ਨੰਬਰ ਵਾਲੇ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਲਾਗੂ ਕੀਤੀ ਜਾਵੇ ਅਤੇ ਮੁੱਖ ਸਿਲੇਬਸ ਇੰਨ-ਬਿੰਨ ਪਹਿਲਾਂ ਵਾਲਾ ਹੀ ਰਹਿਣ ਦਿੱਤਾ ਜਾਵੇ ਭਾਵ ਕਿ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ = 20 ਨੰਬਰ ਅਤੇ ਪੰਜਾਬੀ ਵਿਆਕਰਣ = 15 ਨੰਬਰ।

ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਤੁਸੀਂ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੇ ਦਰਦ ਨੂੰ ਸਮਝਦੇ ਹੋਏ ਇਸ ਗੰਭੀਰ ਵਿਸ਼ੇ ਵੱਲ ਧਿਆਨ ਦੇਵੋਂਗੇ ਅਤੇ ਇਹਨਾਂ ਪੇਪਰਾਂ ਲਈ ਮੁੜ ਸੋਧਿਆ ਹੋਇਆ ਸਿਲੇਬਸ ਜਾਰੀ ਕਰਵਾਉਣ ਲਈ PSSSB ਨੂੰ ਤੁਰੰਤ ਨਿਰਦੇਸ਼ ਜਾਰੀ ਕਰੋਗੇ |

Scroll to Top