July 7, 2024 6:35 pm
European Union

ਯੂਰਪੀਅਨ ਯੂਨੀਅਨ ਈਰਾਨੀ ਅਧਿਕਾਰੀਆਂ ‘ਤੇ ਲਾਵੇਗੀ ਪਾਬੰਦੀਆਂ, ਯਾਤਰਾ ਪਾਬੰਦੀ ਦੇ ਨਾਲ ਜਾਇਦਾਦਾਂ ਹੋਣਗੀਆਂ ਜ਼ਬਤ

ਚੰਡੀਗੜ੍ਹ 22 ਜਨਵਰੀ 2023: ਈਰਾਨ ਵਿੱਚ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ਕਰਨ ਵਾਲੇ ਈਰਾਨੀ ਅਧਿਕਾਰੀਆਂ ‘ਤੇ ਯੂਰਪੀਅਨ ਯੂਨੀਅਨ (European Union) ਪਾਬੰਦੀਆਂ ਲਗਾਉਣ ਜਾ ਰਹੀ ਹੈ | ਹਾਲਾਂਕਿ, ਇਸਲਾਮਿਕ ਰੀਪਬਲਿਕ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਨੂੰ ਬਲੈਕਲਿਸਟ ਕੀਤੇ ਗਏ ਅੱਤਵਾਦੀ ਸਮੂਹਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਸਤੰਬਰ ਵਿੱਚ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ 27-ਰਾਸ਼ਟਰਾਂ ਦੀ ਸੰਸਥਾ ਨੇ ਪਹਿਲਾਂ ਹੀ ਈਰਾਨੀ ਅਧਿਕਾਰੀਆਂ ਅਤੇ ਸੰਗਠਨਾਂ ‘ਤੇ ਸਰਕਾਰੀ ਮੰਤਰੀਆਂ, ਫੌਜੀ ਅਧਿਕਾਰੀਆਂ ਅਤੇ ਈਰਾਨ ਦੀ ਪੁਲਿਸ ਸਮੇਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਪਾਬੰਦੀਆਂ ਲਗਾਈਆਂ ਹਨ।

ਜ਼ਿਕਰਯੋਗ ਹੈ ਕਿ 22 ਸਾਲਾਂ ਦੀ ਮਾਹਸਾ ਅਮੀਨੀ ਨੂੰ ਪੁਲਿਸ ਵੱਲੋਂ ਈਰਾਨ ‘ਚ ਲਗਾਏ ਗਏ ਸਖਤ ਡਰੈੱਸ ਕੋਡ ਦੀ ਕਥਿਤ ਤੌਰ ‘ਤੇ ਉਲੰਘਣਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ ਅਤੇ ਗ੍ਰਿਫਤ ਵਿੱਚ ਉਸਦੀ ਦੀ ਮੌਤ ਹੋ ਗਈ ਸੀ | ਜਿਸ ਤੋਂ ਬਾਅਦ ਦੇਸ਼ ‘ਚ ਸਰਕਾਰ ਖਿਲਾਫ ਪ੍ਰਦਰਸ਼ਨ ਹੋ ਰਹੇ ਸਨ। ਇਸ ਰੋਸ ਪ੍ਰਦਰਸ਼ਨ ਵਿੱਚ ਔਰਤਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਪ੍ਰਦਰਸ਼ਨ ਵਿੱਚ ਸ਼ਾਮਲ ਬਹੁਤ ਸਾਰੀਆਂ ਔਰਤਾਂ ਨੇ ਹਿਜਾਬ ਵਜੋਂ ਜਾਣੇ ਜਾਂਦੇ ਲਾਜ਼ਮੀ ਇਸਲਾਮੀ ਸਕਾਰਫ਼ ਨੂੰ ਹਟਾ ਦਿੱਤਾ ।

ਈਰਾਨ ਦੇ ਮਨੁੱਖੀ ਅਧਿਕਾਰ ਕਾਰਕੁਨਾਂ ਅਨੁਸਾਰ ਦੇਸ਼ ਵਿੱਚ ਪ੍ਰਦਰਸ਼ਨ ਕਰਦੇ ਹੋਏ ਲਗਭਗ 519 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 19,200 ਤੋਂ ਵੱਧ ਗ੍ਰਿਫਤਾਰ ਕੀਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਇਹ ਅੰਦੋਲਨ 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਈਰਾਨ ਦੇ ਸ਼ੀਆ ਲੋਕਤੰਤਰ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਬ੍ਰਸੇਲਜ਼ ਵਿੱਚ ਮੀਟਿੰਗ ਦੌਰਾਨ, ਯੂਰਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਵਿੱਚ ਈਰਾਨੀ ਅਧਿਕਾਰੀਆਂ ‘ਤੇ ਯਾਤਰਾ ਪਾਬੰਦੀ ਅਤੇ ਜਾਇਦਾਦ ਫ੍ਰੀਜ਼ ਕਰਨ ਦੇ ਨਾਲ-ਨਾਲ ਕਈ ਅਧਿਕਾਰੀ ਸ਼ਾਮਲ ਹੋਣਗੇ।