ਕਪੂਰਥਲਾ, 20 ਜਨਵਰੀ 2023 : ਪੰਜਾਬ ਦੇ ਖੇਤੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ ਵਿਚ ਲਲਿਤਾ ਸਕਲਾਨੀ ਨੇ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਦੀ ਚੇਅਰਪਰਸਨ ਵਜੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਹੁਦਾ ਸਾਂਭਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਨਵ-ਨਿਯੁਕਤ ਚੇਅਰਪਰਸਨ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਾਰਟੀ ਦੇ ਵਰਕਰਾਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ,ਜਿਸ ਨਾਲ ਆਮ ਘਰਾਂ ਦੇ ਲੋਕ ਉੱਚੇ ਰਾਜਨਿਤਕ ਅਹੁਦਿਆਂ ’ਤੇ ਪੁੱਜੇ ਹਨ।
ਉਨ੍ਹਾਂ ਕਿਹਾ ਕਿ ਲਲਿਤਾ ਸਕਲਾਨੀ ਨੂੰ ਪਾਰਟੀ ਨੇ ਚੇਅਰਮੇਨ ਨਿਯੁਕਤ ਕਰਕੇ ਸਾਫ-ਸੁਥਰੀ ਰਾਜਨੀਤੀ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਲਲਿਤਾ ਸਕਲਾਨੀ ਦੀ ਅਗਵਾਈ ਹੇਠ ਯੋਜਨਾ ਕਮੇਟੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਏਗੀ।
ਚੇਅਰਪਰਸਨ ਲਲਿਤਾ ਸਕਲਾਨੀ ਨੇ ਅਹੁਦਾ ਸੰਭਾਲਣ ਮਗਰੋਂ ਕਿਹਾ ਕਿ ਜਿਲ੍ਹੇ ਦਾ ਯੋਜਨਾਬੱਧ ਵਿਕਾਸ ਉਨ੍ਹਾਂ ਦੀ ਪਹਿਲ ਹੋਵੇਗਾ। ਉਨ੍ਹਾਂ ਕਿਹਾ ਕਿ ਜਿਲ੍ਹਾ ਕਪੂਰਥਲਾ ਨੂੰ ਭਵਿੱਖੀ ਚੁਣੌਤੀਆਂ ਲਈ ਤਿਆਰ ਕਰਨ ਵਾਸਤੇ ਯੋਜਨਾ ਬੋਰਡ ਵਲੋਂ ਖਾਕਾ ਤਿਆਰ ਕੀਤਾ ਜਾਵੇਗਾ, ਜਿਸ ਨੂੰ ਲਾਗੂ ਕਰਕੇ ਜਿਲ੍ਹੇ ਨੂੰ ਵਿਕਾਸ ਮੁਖੀ ਤੇ ਲੋਕ ਪੱਖੀ ਲੀਹਾਂ ’ਤੇ ਤੋਰਿਆ ਜਾਵੇਗਾ।
ਇਸ ਮੌਕੇ ਵਿਧਾਇਕ ਡਾ.ਰਵਜੋਤ,ਵਿਧਾਇਕ ਜਸਬੀਰ ਰਾਜਾ ਗਿੱਲ,ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ,ਐਸ.ਐਸ.ਪੀ ਨਵਨੀਤ ਸਿੰਘ ਬੈਂਸ,ਰਾਜਵਿੰਦਰ ਕੌਰ ਥਿਆੜਾ ਜਰਨਲ ਸਕੱਤਰ ਆਮ ਆਦਮੀ ਪਾਰਟੀ ਤੇ ਹੋਰਨਾਂ ਆਗੂਆਂ ਨੇ ਨਵ-ਨਿਯੁਕਤ ਚੇਅਰਪਰਸਨ ਨੂੰ ਮੁਬਾਰਕਬਾਦ ਦਿੱਤੀ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਇਕ ਟੁਕੜੀ ਵਲੋਂ ਕੈਬਨਿਟ ਮੰਤਰੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪਾਲ ਸਿੰਘ ਇੰਡੀਅਨ,ਹਲਕਾ ਇੰਚਾਰਜ ਮੰਜੂ ਰਾਣਾ,ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ,ਰਣਜੀਤ ਸਿੰਘ ਰਾਣਾ,ਕੰਵਰ ਇਕਬਾਲ ਸਿੰਘ,ਪਰਮਿੰਦਰ ਸਿੰਘ ਢੋਟ,ਵਧੀਕ ਡਿਪਟੀ ਕਮਿਸ਼ਨਰ(ਵਿਕਾਸ)ਪਰਮਜੀਤ ਕੌਰ,ਡੀ.ਡੀ.ਪੀ.ਓ ਹਰਜਿੰਦਰ ਸਿੰਘ ਹਾਜ਼ਰ ਸਨ।