Bharat Jodo Yatra

ਭਾਰਤ ਜੋੜੋ ਯਾਤਰਾ ਕਾਂਗਰਸ ਪਾਰਟੀ ‘ਚ ਨਵੀਂ ਰੂਹ ਫੂਕੇਗੀ: ਪ੍ਰਿਤਪਾਲ ਕੌਰ ਬਡਲਾ

ਸੰਗਰੂਰ 17 ਜਨਵਰੀ 2023: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ (Bharat Jodo Yatra) ਜਿਥੇ ਦੇਸ਼ ਨੂੰ ਜੋੜਨ ਦਾ ਕੰਮ ਕਰ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਵਿੱਚ ਨਵੀਂ ਰੂਹ ਫੂਕਣ ਵਿੱਚ ਇਹ ਯਾਤਰਾ ਸਹਾਈ ਸਾਬਿਤ ਹੋਵੇਗੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਰਗੜ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡੈਲੀਗੇਟ ਪ੍ਰਿਤਪਾਲ ਕੌਰ ਬਡਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।

ਬੀਬੀ ਬਡਲਾ ਜਿੱਥੇ ਪੰਜਾਬ ਵਿੱਚ ਯਾਤਰਾ ਦੇ ਦਾਖਲ ਹੋਣ ਦੇ ਪਹਿਲੇ ਦਿਨ ਤੋਂ ਨਾਲ ਚੱਲ ਰਹੇ ਹਨ ਉੱਥੇ ਹੀ ਰਾਹੁਲ ਗਾਂਧੀ ਨੂੰ ਪੰਜਾਬ ਸੰਬੰਧੀ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾ ਰਹੇ ਹਨ । ਬੀਬੀ ਬਡਲਾ ਨੇ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਵਿੱਚ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਮੁੱਚੇ ਪਾਰਟੀ ਵਰਕਰਾਂ ਵਿੱਚ ਜੋਸ਼ ਭਰ ਗਿਆ ਹੈ ।

ਹੁਣ ਤੱਕ ਜਿੰਨੇ ਵੀ ਸੂਬਾ ਪ੍ਰਧਾਨ ਬਣੇ ਹਨ ਕਿਸੇ ਨੇ ਵੀ ਵਰਕਰਾਂ ਨੂੰ ਹਾਈਕਮਾਨ ਅਤੇ ਰਾਹੁਲ ਗਾਂਧੀ ਨਾਲ ਇੰਨੇ ਵਧੀਆ ਢੰਗ ਨਾਲ ਮਿਲਣ ਦਾ ਮੌਕਾ ਨਹੀਂ ਦਿੱਤਾ ਜਿੰਨਾ ਇਸ ਯਾਤਰਾ ਦੌਰਾਨ ਰਾਜਾ ਵੜਿੰਗ ਜੀ ਵੱਲੋਂ ਇਕੱਲੇ ਇਕੱਲੇ ਵਰਕਰ ਦਾ ਹੱਥ ਫੜਕੇ ਆਪ ਅੱਗੇ ਕਰ ਕੀਤਾ ਗਿਆ। ਬੀਬੀ ਬਡਲਾ ਨੇ ਦੱਸਿਆ ਕਿ ਪਹਿਲੇ ਦਿਨ ਰਾਹੁਲ ਗਾਂਧੀ ਵੱਲੋਂ ਉਹਨਾਂ ਤੋਂ ਪੰਜਾਬ ਵਿੱਚ ਮਹਿਲਾਵਾਂ ਦੀ ਸਥਿਤੀ ਬਾਰੇ ਕਈ ਸਵਾਲ ਪੁੱਛੇ ਗਏ ਅਤੇ ਅਗਲੀਆਂ ਚੋਣਾਂ ਵਿੱਚ ਨੌਜਵਾਨ ਮਹਿਲਾਵਾਂ ਨੂੰ ਅੱਗੇ ਲਿਆਉਣ ਦਾ ਵਾਅਦਾ ਵੀ ਕੀਤਾ ਗਿਆ।

ਉਹਨਾਂ ਹਲਕਾ ਅਮਰਗੜ ਦੀ ਸਿਆਸੀ ਸਥਿਤੀ ਬਾਰੇ ਵੀ ਰਾਹੁਲ ਜੀ ਅਤੇ ਰਾਜਾ ਵੜਿੰਗ  ਨਾਲ ਵਿਚਾਰ ਵਟਾਂਦਰਾ ਕੀਤਾ । ਬੀਬੀ ਬਡਲਾ ਨੇ ਕਿਹਾ ਕਿ ਦੂਸਰੇ ਦਿਨ ਉਹਨਾਂ ਰਾਹੁਲ ਗਾਂਧੀ ਨੂੰ ਦਸ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਕਿਤਾਬ ਭੇਂਟ ਕੀਤੀ ਗਈ ਜਿਸਨੂੰ ਲੈ ਕੇ ਰਾਹੁਲ ਜੀ ਬਹੁਤ ਖੁਸ਼ ਹੋਏ ਅਤੇ ਉਹਨਾਂ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਬਾਰੇ ਵੀ ਜਾਣਕਾਰੀ ਵੀ ਲਈ।

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਜਿੱਥੇ ਪ੍ਰਿਤਪਾਲ ਬਡਲਾ ਦੀ ਹਾਈਕਮਾਨ ਨਾਲ ਨੇੜਤਾ ਤੇ ਮੋਹਰ ਲਗਾਈ ਉੱਥੇ ਹੀ ਇਸ ਯਾਤਰਾ ਨਾਲ ਬਡਲਾ ਦਾ ਸਿਆਸੀ ਕੱਦ ਹੋਰ ਵਧਿਆ ਹੈ। ਇਸ ਯਾਤਰਾ ਦੌਰਾਨ ਜਿੱਥੇ ਸਾਰੇ ਐਮ ਪੀ, ਵਿਧਾਇਕ ਅਤੇ ਸੀਨੀਅਰ ਲੀਡਰ ਰਾਹੁਲ ਗਾਂਧੀ ਨਾਲ ਲਗਾਤਾਰ ਚੱਲ ਰਹੇ ਹਨ |

ਉੱਥੇ ਹੀ ਪ੍ਰਿਤਪਾਲ ਬਡਲਾ ਦਾ ਲਗਾਤਾਰ ਰਾਹੁਲ ਗਾਂਧੀ ਨਾਲ ਚੱਲਣਾ ਬਡਲਾ ਨੂੰ ਪੰਜਾਬ ਕਾਂਗਰਸ ਪ੍ਰਧਾਨ ਦਾ ਆਸੀਰਵਾਦ ਅਤੇ ਪਾਰਟੀ ਵਿੱਚ ਉਹਨਾਂ ਦੀ ਪਕੜ ਨੂੰ ਦਰਸਾਉਂਦਾ ਹੈ। ਹੁਣ ਇਹ ਯਾਤਰਾ ਦਾ ਕੀ ਫ਼ਾਇਦਾ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰੰਤੂ ਆਉਣ ਵਾਲੇ ਦਿਨਾਂ ਵਿੱਚ ਹਲਕਾ ਅਮਰਗੜ ਦੀ ਸਿਆਸਤ ਵਿੱਚ ਪ੍ਰਿਤਪਾਲ ਬਡਲਾ ਦੀ ਪਕੜ ਜ਼ਰੂਰ ਵਧਦੀ ਦਿਖ ਰਹੀ ਹੈ।

Scroll to Top