RSS

ਮੈਂ RSS ਦਫ਼ਤਰ ਨਹੀਂ ਜਾਵਾਂਗਾ, ਇਸ ਤੋਂ ਪਹਿਲਾਂ ਤੁਹਾਨੂੰ ਮੇਰਾ ਗਲਾ ਕੱਟਣਾ ਪਵੇਗਾ: ਰਾਹੁਲ ਗਾਂਧੀ

ਚੰਡੀਗੜ੍ਹ 16 ਜਨਵਰੀ 2023: ਭਾਰਤ ਜੋੜੋ ਯਾਤਰਾ ਦੌਰਾਨ ਹੁਸ਼ਿਆਰਪੁਰ ਪਹੁੰਚੇ ਰਾਹੁਲ ਗਾਂਧੀ ਨੇ ਚਚੇਰੇ ਭਰਾ ਵਰੁਣ ਗਾਂਧੀ ਨੂੰ ਮਿਲਣ ਦੀ ਸੰਭਾਵਨਾ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਰਿਵਾਰ ਨੂੰ ਜੋੜਨ ਦੇ ਸਵਾਲ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਵਰੁਣ ਗਾਂਧੀ ਭਾਜਪਾ ‘ਚ ਹਨ, ਮੇਰੀ ਵਿਚਾਰਧਾਰਾ ਉਨ੍ਹਾਂ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ। ਮੈਂ ਆਰਐਸਐਸ (RSS) ਦਫ਼ਤਰ ਨਹੀਂ ਜਾ ਸਕਦਾ, ਇਸ ਤੋਂ ਪਹਿਲਾਂ ਤੁਹਾਨੂੰ ਮੇਰਾ ਗਲਾ ਕੱਟਣਾ ਪਵੇਗਾ । ਮੇਰੇ ਪਰਿਵਾਰ ਦੀ ਇੱਕ ਵਿਚਾਰਧਾਰਾ ਹੈ। ਵਰੁਣ ਨੇ ਵੱਖਰੀ ਵਿਚਾਰਧਾਰਾ ਅਪਣਾਈ ਅਤੇ ਮੈਂ ਉਸ ਵਿਚਾਰਧਾਰਾ ਨੂੰ ਸਵੀਕਾਰ ਨਹੀਂ ਕਰ ਸਕਦਾ।

ਹੁਸ਼ਿਆਰਪੁਰ ‘ਚ ਪ੍ਰੈੱਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੰਜਾਬੀ ਸੱਭਿਆਚਾਰ ਅਨੁਸਾਰ ਚਲਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਡੀ ਯਾਤਰਾ ਨਫ਼ਰਤ, ਹਿੰਸਾ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਹੈ। ਰਾਮ ਮੰਦਰ ਖੋਲ੍ਹਣ ਅਤੇ 2024 ‘ਚ ਚੋਣਾਂ ਦੇ ਸਵਾਲ ‘ਤੇ ਰਾਹੁਲ ਨੇ ਕਿਹਾ ਕਿ ਅਸੀਂ ਨਫਰਤ ਦੇ ਬਾਜ਼ਾਰ ‘ਚ ਪਿਆਰ ਦੀ ਦੁਕਾਨ ਖੋਲ੍ਹਦੇ ਰਹਾਂਗੇ। ਰਾਹੁਲ ਨੇ ਕਿਹਾ ਕਿ ਦੇਸ਼ ਦੀਆਂ ਸੰਸਥਾਵਾਂ ‘ਤੇ ਭਾਜਪਾ ਅਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ।

ਸੁਰੱਖਿਆ ਵਿਚ ਕੁਤਾਹੀ ਦੇ ਸਵਾਲ ‘ਤੇ ਜਦੋਂ ਇਕ ਵਿਅਕਤੀ ਨੇ ਸੁਰੱਖਿਆ ਘੇਰਾ ਤੋੜ ਕੇ ਰਾਹੁਲ ਗਾਂਧੀ ਨੂੰ ਜੱਫੀ ਪਾ ਲਈ, ਰਾਹੁਲ ਨੇ ਕਿਹਾ ਕਿ ਇਹ ਸੁਰੱਖਿਆ ਦੀ ਕੁਤਾਹੀ ਨਹੀਂ ਸੀ ਅਜਿਹਾ ਹੁੰਦਾ ਰਹਿੰਦਾ ਹੈ। ਉਹ ਵਿਅਕਤੀ ਉਤੇਜਿਤ ਹੋ ਗਿਆ। ਨਸ਼ਿਆਂ ਦੇ ਮੁੱਦੇ ‘ਤੇ ਰਾਹੁਲ ਨੇ ਕਿਹਾ ਕਿ ਬੇਰੁਜ਼ਗਾਰੀ ਅਤੇ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਨਾਲ ਨਸ਼ਿਆਂ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ। ‘ਆਪ’ ਸਰਕਾਰ ਪੰਜਾਬ ਨੂੰ ਵਿਜ਼ਨ ਨਹੀਂ ਦੇ ਸਕੀ। ਕਾਂਗਰਸ ਦੀ ਸਰਕਾਰ ਆਉਣ ‘ਤੇ ਪੰਜਾਬ ਨੂੰ ਵਿਜ਼ਨ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਭਾਜਪਾ ਸਰਕਾਰ ਖ਼ਿਲਾਫ਼ ਗੁੱਸਾ ਹੈ।

Scroll to Top