Women U19 WC

Women U19 WC: ਭਾਰਤੀ ਟੀਮ ਨੇ ਮੇਜ਼ਬਾਨ ਦੱਖਣੀ ਅਫਰੀਕਾ ਹਰਾ ਕੇ ਵਿਸ਼ਵ ਕੱਪ ‘ਚ ਕੀਤੀ ਜੇਤੂ ਸ਼ੁਰੂਆਤ

ਚੰਡੀਗੜ੍ਹ 14 ਜਨਵਰੀ 2023: ਭਾਰਤੀ ਟੀਮ ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ‘ਚ ਜੇਤੂ ਸ਼ੁਰੂਆਤ ਕੀਤੀ। ਪਹਿਲੇ ਮੈਚ ਵਿੱਚ ਟੀਮ ਇੰਡੀਆ ਨੇ ਮੇਜ਼ਬਾਨ ਦੱਖਣੀ ਅਫਰੀਕਾ ਦੀ ਟੀਮ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ। ਇਸ ਜਿੱਤ ਨਾਲ ਭਾਰਤ ਦਾ ਰਾਹ ਆਸਾਨ ਹੋ ਗਿਆ ਹੈ ਕਿਉਂਕਿ ਗਰੁੱਪ ਗੇੜ ਵਿੱਚ ਭਾਰਤ ਦੇ ਬਾਕੀ ਦੋ ਮੈਚ ਯੂਏਈ ਅਤੇ ਸਕਾਟਲੈਂਡ ਵਰਗੀਆਂ ਕਮਜ਼ੋਰ ਟੀਮਾਂ ਖ਼ਿਲਾਫ਼ ਹਨ। ਇਸ ਮੈਚ ਵਿੱਚ ਜਿੱਤ ਨਾਲ ਭਾਰਤੀ ਟੀਮ ਅੰਕ ਸੂਚੀ ਵਿੱਚ ਆਪਣੇ ਗਰੁੱਪ ਵਿੱਚ ਸਿਖਰ ’ਤੇ ਆ ਗਈ ਹੈ।

ਦੱਖਣੀ ਅਫਰੀਕਾ ਖਿਲਾਫ ਮੈਚ ‘ਚ ਭਾਰਤੀ ਕਪਤਾਨ ਸ਼ੈਫਾਲੀ ਵਰਮਾ ਨੇ ਟਾਸ ਹਾਰਿਆ ਸੀ ਅਤੇ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਦੱਖਣੀ ਅਫਰੀਕਾ ਲਈ ਸੀਮੋਨ ਲਾਰੈਂਸ ਨੇ 44 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਮੈਡੀਸਨ ਲੈਂਡਸਮੈਨ ਨੇ 17 ਗੇਂਦਾਂ ‘ਤੇ 32 ਦੌੜਾਂ ਦੀ ਪਾਰੀ ਖੇਡੀ ਅਤੇ ਅਫਰੀਕੀ ਟੀਮ ਦਾ ਸਕੋਰ ਪੰਜ ਵਿਕਟਾਂ ‘ਤੇ 166 ਦੌੜਾਂ ਤੱਕ ਪਹੁੰਚਾਇਆ।

167 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਕਪਤਾਨ ਸ਼ੈਫਾਲੀ ਵਰਮਾ ਅਤੇ ਸ਼ਵੇਤਾ ਸਹਿਰਾਵਤ ਨੇ ਪਹਿਲੀ ਵਿਕਟ ਲਈ 77 ਦੌੜਾਂ ਜੋੜੀਆਂ। ਦੋਵਾਂ ਨੇ ਪਾਵਰਪਲੇ ‘ਚ ਹੀ 70 ਦੌੜਾਂ ਬਣਾ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ। ਇਸ ਦੌਰਾਨ ਸ਼ੈਫਾਲੀ ਨੇ ਇੱਕ ਓਵਰ ਵਿੱਚ 26 ਦੌੜਾਂ ਬਣਾਈਆਂ।

ਸ਼ੈਫਾਲੀ ਨੇ ਭਾਰਤੀ ਪਾਰੀ ਦੇ ਛੇਵੇਂ ਓਵਰ ਦੀਆਂ ਪਹਿਲੀਆਂ ਪੰਜ ਗੇਂਦਾਂ ‘ਤੇ ਪੰਜ ਚੌਕੇ ਜੜੇ ਅਤੇ ਆਖਰੀ ਗੇਂਦ ‘ਤੇ ਛੱਕਾ ਲਗਾ ਕੇ ਪਾਵਰਪਲੇ ਦਾ ਅੰਤ ਕਰ ਦਿੱਤਾ। ਅੰਤ ਵਿੱਚ ਭਾਰਤ ਨੇ 16.3 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ 170 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

Scroll to Top