ਚੰਡੀਗੜ੍ਹ 14 ਜਨਵਰੀ 2023: ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ (Santokh Singh Chaudhary) ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਹੈ। ਸੰਤੋਖ ਸਿੰਘ ਚੌਧਰੀ ਦੀ ਮ੍ਰਿਤਕ ਦੇਹ ਘਰ ਪਹੁੰਚ ਚੁੱਕੀ ਹੈ। ਇਸਦੇ ਨਾਲ ਹੀ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸਸਕਾਰ ਕੱਲ੍ਹ ਸਵੇਰੇ 11 ਵਜੇ ਉਨ੍ਹਾਂ ਦੇ ਪਿੰਡ ਧਾਲੀਵਾਲ ਵਿਖੇ ਕੀਤਾ ਜਾਵੇਗਾ।
ਇਸ ਦੌਰਾਨ ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਰਾਹੁਲ ਗਾਂਧੀ ਨੇ ਦੁੱਖ਼ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮੌਤ ਦੇ ਨਾਲ ਡੂੰਘੇ ਸਦਮੇ ‘ਚ ਹਾਂ। ਸੰਤੋਖ ਸਿੰਘ ਚੌਧਰੀ ਮਿਹਨਤੀ ਨੇਤਾ ਸਨ। ਯੂਵਾ ਕਾਂਗਰਸ ਤੋਂ ਲੈ ਕੇ ਸੰਸਦ ਤੱਕ ਉਨ੍ਹਾਂ ਨੇ ਆਪਣਾ ਜੀਵਨ ਜਨਸੇਵਾ ਨੂੰ ਸਮਰਪਿਤ ਕੀਤਾ ਹੈ।