ਲੁਧਿਆਣਾ 11 ਜਨਵਰੀ 2023: ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ ਤਿੰਨ ਅਧੀਨ ਪੈਂਦੇ ਚੰਡੀਗੜ੍ਹ ਦੇ ਵਪਾਰੀ ਦੇਵਾਂਸ਼ੂ ਮਲਹੋਤਰਾ ਦੀ ਕਾਰ ‘ਚੋਂ ਠੱਕ ਠਾਕ ਗੈਂਗ ਵੱਲੋਂ 57 ਲੱਖ 40 ਹਜ਼ਾਰ ਰੁਪਏ ਚੋਰੀ ਕਰਨ ਦੇ ਮਾਮਲੇ ‘ਚ ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਹੈ। ਪੁਲਿਸ ਵੱਲੋਂ ਦਿੱਲੀ ਤੋਂ ਲੁੱਟ ਖੋਹ ਕਰਨ ਵਾਲੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸੰਬੰਧੀ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਅਸੀਂ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਚੋਰੀ ਕੀਤੇ ਗਏ ਕਰੀਬ 46.50 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੱਧੂ ਨੇ ਦੱਸਿਆ ਕਿ ਸਾਡੀਆਂ ਟੀਮਾਂ ਲਗਾਤਾਰ ਇਸ ਗਿਰੋਹ ਦਾ ਪਿੱਛਾ ਕਰ ਰਹੀਆਂ ਸਨ ਅਤੇ ਦਿੱਲੀ ‘ਚ ਇਨ੍ਹਾਂ ਦੀ ਲੋਕੇਸ਼ਨ ਟਰੇਸ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਗਿਆ।
ਗਿਰੋਹ ਦਾ ਇੱਕ ਮੈਂਬਰ ਪੰਜਾਬੀ ਵੀ ਨਹੀਂ ਬੋਲ ਸਕਦਾ, ਉਹ ਤਾਮਿਲਨਾਡੂ ਦਾ ਰਹਿਣ ਵਾਲਾ ਹੈ ਅਤੇ ਤਾਮਿਲ ਭਾਸ਼ਾ ਦੀ ਵਰਤੋਂ ਕਰਦਾ ਹੈ | ਮਨਦੀਪ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ ਅਪਰਾਧ ਕਰਨ ਤੋਂ ਬਾਅਦ ਦੂਜੇ ਰਾਜ ਵਿੱਚ ਚਲੇ ਜਾਂਦੇ ਹਨ ਅਤੇ ਕੁਝ ਦੂਰੀ ‘ਤੇ ਖੜ੍ਹੇ ਹੋ ਕੇ ਸ਼ੀਸ਼ੇ ਨੂੰ ਤੋੜਨ ਲਈ ਗੁਲੇਲਾਂ ਦੀ ਵਰਤੋਂ ਕਰਦੇ ਹਨ ਅਤੇ ਇਸ ਤੋਂ ਬਾਅਦ ਇਹ ਨਕਦੀ ਚੋਰੀ ਕਰਕੇ ਲੈ ਜਾਂਦੇ ਹਨ, ਜਲਦ ਹੀ ਹੋਰ ਇਲਾਕਿਆਂ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਗਰੋਹ ਦੇ ਹੋਰ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।