ਹਰਅਸੀਸ ਸਿੰਘ ਬਿੰਦਰਾ

ਕੈਨੇਡਾ ‘ਚ ਫ਼ੌਤ ਹੋਏ ਹਰਅਸੀਸ ਸਿੰਘ ਬਿੰਦਰਾ ਨੂੰ ਅੰਤਿਮ ਸਸਕਾਰ ਮੌਕੇ ਸੇਜਲ ਅੱਖਾਂ ਨਾਲ ਵਿਦਾਈ

ਪਟਿਆਲਾ 11 ਜਨਵਰੀ 2023: ਪਿਛਲੇ ਦਿਨੀਂ ਕੈਨੇਡਾ ਵਿਖੇ ਫ਼ੌਤ ਹੋਏ ਪਟਿਆਲਾ ਦੇ ਨੌਜਵਾਨ ਹਰਅਸੀਸ ਸਿੰਘ ਬਿੰਦਰਾ ਨੂੰ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇੱਥੇ ਬੀਰ ਜੀ ਸਮਸ਼ਾਨਘਾਟ ਵਿਖੇ ਹਰਅਸੀਸ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੀ ਤਰਫ਼ੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਮੁੱਖ ਮੰਤਰੀ ਦਫ਼ਤਰ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮ੍ਰਿਤਕ ਦੇਹ ‘ਤੇ ਫੁੱਲ ਮਾਲਾਵਾਂ ਰੱਖਕੇ ਸ਼ਰਧਾਂਜਲੀ ਭੇਟ ਕੀਤੀ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਤੇ ਐਸ.ਐਸ.ਪੀ. ਵਰੁਣ ਸ਼ਰਮਾ ਦੀ ਤਰਫ਼ੋਂ ਐਸ.ਪੀ. ਸਿਟੀ ਵਜੀਰ ਸਿੰਘ ਖਹਿਰਾ ਨੇ, ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸੁਪਤਨੀ ਬੀਬਾ ਸਿਮਰਨਜੀਤ ਕੌਰ ਅਤੇ ਡੀ.ਐਸ.ਪੀ. ਸੰਜੀਵ ਸਿੰਗਲਾ ਨੇ ਵੀ ਫੁੱਲ ਮਾਲਾਵਾਂ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ, ਇਸ ਦੁੱਖ ਦੀ ਘੜੀ ‘ਚ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਦੁਖੀ ਪਰਿਵਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖ਼ੁਦ ਉਨ੍ਹਾਂ ਨੂੰ ਦੁਖੀ ਪਰਿਵਾਰ ਨਾਲ ਆਪਣੇ ਵੱਲੋਂ ਹਮਦਰਦੀ ਦਾ ਇਜ਼ਹਾਰ ਕਰਨ ਲਈ ਇੱਥੇ ਭੇਜਿਆ ਹੈ, ਕਿਉਂਕਿ ਨੌਜਵਾਨ ਪੁੱਤਰ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ।

ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਅਤੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਦਿਲੀ ਹਮਦਰਦੀ ਨੌਜਵਾਨ ਹਰਅਸੀਸ ਸਿੰਘ ਬਿੰਦਰਾ ਦੇ ਮਾਤਾ ਕੰਵਲਜੀਤ ਕੌਰ, ਨਾਨਾ ਤੇਜਿੰਦਰ ਸਿੰਘ ਅਤੇ ਮਾਮਾ ਵਰਿੰਦਰਪਾਲ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਹੈ ਅਤੇ ਪੰਜਾਬ ਸਰਕਾਰ ਪਰਿਵਾਰ ਦੀ ਇਸ ਦੁੱਖ ਦੀ ਘੜ੍ਹੀ ‘ਚ ਪਰਿਵਾਰ ਦੇ ਨਾਲ ਖੜ੍ਹੀ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਅਸੀਸ ਸਿੰਘ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਵਾਪਸ ਲਿਆਉਣ ਲਈ ਆਪਣੇ ਵੱਲੋਂ ਲੋੜੀਂਦੇ ਯਤਨ ਕੀਤੇ ਅਤੇ ਅੱਗੇ ਵੀ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਹਰਅਸੀਸ ਸਿੰਘ ਬਿੰਦਰਾ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਰਿਸ਼ਤੇਦਾਰਾਂ ਤੇ ਸਾਕ-ਸਬੰਧੀਆਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਅਤੇ ਵੱਖ-ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

Scroll to Top