BKU ਉਗਰਾਹਾਂ

BKU ਉਗਰਾਹਾਂ ਵੱਲੋਂ 26 ਜਨਵਰੀ ਦੀ ਜੀਂਦ ਮਹਾਂ ਰੈਲੀ ਦੀਆਂ ਜ਼ੋਰਦਾਰ ਤਿਆਰੀਆਂ ਸ਼ੁਰੂ

ਚੰਡੀਗੜ੍ਹ10 ਜਨਵਰੀ 2023: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਦੇਸ਼ ਵਿਆਪੀ ਅੰਦੋਲਨ ਦੇ ਅੰਗ ਵਜੋਂ 26 ਜਨਵਰੀ ਨੂੰ ਉੱਤਰੀ ਭਾਰਤ ਦੇ 6 ਸੂਬਿਆਂ ਦੇ ਕਿਸਾਨਾਂ ਦੀ ਜੀਂਦ (ਹਰਿਆਣਾ) ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਦੀ ਮੁਕੰਮਲ ਕਾਮਯਾਬੀ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਜ਼ੋਰਦਾਰ ਤਿਆਰੀ ਮੁਹਿੰਮ ਵਿੱਢ ਦਿੱਤੀ ਗਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮੁਹਿੰਮ ਦੀ ਠੋਸ ਵਿਉਂਤਬੰਦੀ ਬੀਤੇ ਦਿਨ ਬਰਨਾਲਾ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਲੀਕੀ ਗਈ ਹੈ। ਇਸ ਵਿਉਂਤ ਮੁਤਾਬਕ 12 ਜਨਵਰੀ ਨੂੰ ਸਰਗਰਮ ਔਰਤਾਂ ਦੀ ਸੂਬਾ ਪੱਧਰੀ ਤਿਆਰੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਜਾਵੇਗੀ। 14 ਜਨਵਰੀ ਨੂੰ ਸੰਗਰੂਰ, 15 ਨੂੰ ਮਲੇਰਕੋਟਲਾ ਤੇ ਲੁਧਿਆਣਾ, 16 ਨੂੰ ਮੋਗਾ, ਬਰਨਾਲਾ, ਪਟਿਆਲਾ, ਫਾਜ਼ਿਲਕਾ ਤੇ ਫਰੀਦਕੋਟ, 18 ਨੂੰ ਮਾਨਸਾ ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਬਾਕੀ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਦੀਆਂ ਮਿਤੀਆਂ ਬਾਰੇ ਵੀ ਉਨ੍ਹਾਂ ਵੱਲੋਂ ਜਲਦੀ ਫੈਸਲੇ ਕੀਤੇ ਜਾਣਗੇ।

ਆਗੂਆਂ ਨੇ ਦੱਸਿਆ ਕਿ ਇਸ ਦੇਸ਼ ਵਿਆਪੀ ਅੰਦੋਲਨ ਦੀਆਂ ਮੁੱਖ ਮੰਗਾਂ ਵਿੱਚ ਸਾਰੀਆਂ ਫਸਲਾਂ ਦੀ ਲਾਭਕਾਰੀ ਐੱਮ ਐੱਸ ਪੀ ‘ਤੇ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਕਰਾਉਣ, ਲਖੀਮਪੁਰ ਖੀਰੀ ਕਤਲਕਾਂਡ ਸੰਬੰਧੀ ਪੂਰਾ ਇਨਸਾਫ਼ ਲੈਣ, ਬਿਜਲੀ ਬਿੱਲ 2021 ਰੱਦ ਕਰਾਉਣ, ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ਦਾ ਖਾਤਮਾ, 60 ਸਾਲ ਤੋਂ ਉੱਪਰ ਹਰ ਕਿਸਾਨ ਤੇ ਖੇਤ ਮਜ਼ਦੂਰ ਸਮੇਤ ਔਰਤਾਂ ਨੂੰ ਬੁਢਾਪਾ ਪੈਨਸ਼ਨ, ਫ਼ਸਲਾਂ ਦੀ ਤਬਾਹੀ ਦੇ ਪੂਰੇ ਮੁਆਵਜ਼ੇ ਦੀ ਗਰੰਟੀ ਵਾਲਾ ਫਸਲੀ ਬੀਮਾ ਚਾਲੂ ਕਰਾਉਣ, ਦਿੱਲੀ ਅੰਦੋਲਨ ਸਮੇਂ ਮੜ੍ਹੇ ਸਾਰੇ ਪੁਲਿਸ ਕੇਸਾਂ ਦੀ ਵਾਪਸੀ ਅਤੇ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਸਾਰੇ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿਵਾਉਣਾ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਇੱਕ ਹੋਰ ਅਹਿਮ ਫੈਸਲੇ ਰਾਹੀਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਦੁਫੇੜਬਾਜ਼ ਤੇ ਫੁੱਟਪਾਊ ਕਾਰਵਾਈਆਂ ਕਾਰਨ ਉਸਦੀ ਮੁੱਢਲੀ ਮੈਂਬਰਸ਼ਿਪ ਖਾਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬਾਕਾਇਦਾ ਸੂਬਾ ਕਮੇਟੀ ਦੇ ਫੈਸਲਿਆਂ ਮੁਤਾਬਕ ਉਸਨੂੰ ਜਥੇਬੰਦੀ ਵਿਰੋਧੀ ਕਾਰਵਾਈਆਂ ਬੰਦ ਕਰਨ ਦੀਆਂ ਬਾਰ ਬਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਉਹ ਨਹੀਂ ਰੁਕੇ ਸਗੋਂ ਵਧੇਰੇ ਤੇਜ਼ੀ ਫੜਦੇ ਗਏ। ਜਿਸ ਕਾਰਨ ਉਨ੍ਹਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨਾ ਪਿਆ ਹੈ।

ਇਸ ਮੌਕੇ ਸੂਬਾ ਕਮੇਟੀ ਵੱਲੋਂ ਜਥੇਬੰਦੀ ਨਾਲ ਜੁੜੇ ਸਮੂਹ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ੍ਰੀ ਲੌਂਗੋਵਾਲ ਭ੍ਰਿਸ਼ਟਾਚਾਰ ਦੇ ਦੋਸ਼ੀ ਸਾਬਤ ਹੋ ਚੁੱਕੇ ਉਸਦੇ ਮੁੱਠੀ ਭਰ ਹਮਾਇਤੀਆਂ ਦੇ ਬੇਬੁਨਿਆਦ ਭੰਡੀ ਪ੍ਰਚਾਰ ਨੂੰ ਦਰਕਿਨਾਰ ਕਰਦਿਆਂ ਕਾਰਪੋਰੇਟ ਪੱਖੀ ਲੁਟੇਰੀਆਂ ਹਕੂਮਤਾਂ ਵਿਰੁੱਧ ਉਲੀਕੇ ਹੋਏ ਸੰਘਰਸ਼ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਲਈ ਜੀ ਜਾਨ ਨਾਲ ਜੁਟ ਜਾਣ।

Scroll to Top