ਅੰਮ੍ਰਿਤਸਰ 06 ਜਨਵਰੀ 2023: ਕੁਝ ਦਿਨ ਪਹਿਲਾਂ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਇੱਕ ਸਮਾਗਮ ਦੌਰਾਨ ਬਿਆਨ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕੇ ਸਾਡੇ ਪੰਜਾਬੀ ਬੱਚੇ ਧੜਾਧੜ ਬਾਹਰ ਜਾ ਰਹੇ ਹਨ, ਉਨ੍ਹਾਂ ਕਿਹਾ ਸੀ ਕਿ ਯੂਪੀ, ਬਿਹਾਰ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਣਗੇ ?
ਜਿਸਦੇ ਚੱਲਦੇ ਅੱਜ ਨਾਮਧਾਰੀ ਸੇਵਾ ਸੁਸਾਇਟੀ ਦੇ ਪ੍ਰਤੀਨਿਧੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਪੱਤਰ ਦਿੱਤਾ ਹੈ | ਇਸ ਪੱਤਰ ਵਿੱਚ ਲਿਖਿਆ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ, ਪੰਜਾਬੀ ਬੱਚਿਆਂ ਨੂੰ ਵਿਦੇਸ਼ ਜਾਣ ਤੋਂ ਰੋਕਣ ਵਾਸਤੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ, ” ਕੀ ਹੁਣ ਯੂ.ਪੀ. ਬਿਹਾਰ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਣਗੇ ? ” ਜਥੇਦਾਰ ਦੇ ਉਸ ਬਿਆਨ ਦੀ ਆਲੋਚਨਾ ਕਰਦਿਆਂ ਹੋਇਆ ਨਾਮਧਾਰੀ ਸੂਬਾ ਅਮਰੀਕ ਸਿੰਘ ਨੇ ਕਿਹਾ ਕਿ ਜਥੇਦਾਰ ਨੇ ਇਹ ਬਿਆਨ ਕਿਉਂ ਨਹੀਂ ਦਿੱਤਾ “ਪੰਜਾਬ ਵਿਚ ਸਿੱਖ ਘੱਟ ਰਹੇ ਹਨ ਅਤੇ ਇਸਾਈਅਤ ਵੱਧ ਰਹੀ ਹੈ ਕੀ ਹੁਣ ਸ਼ਹੀਦੀ ਦਿਹਾੜੇ ਇਸਾਈ ਮਨਾਉਣਗੇ ਜਾਂ ਪੰਜਾਬ ਵਿੱਚ ਮੁਸਲਮਾਨ ਆਪਣੀ ਗਿਣਤੀ ਵਧਾ ਕੇ ਮਸੀਤਾ ਆਬਾਦ ਕਰ ਰਹੇ ਹਨ। ਕੀ ਇਹ ਸ਼ਹੀਦੀ ਦਿਹਾੜੇ ਮੁਸਲਮਾਨ ਮਨਾਉਣਗੇ ” ਜਿਹੜੇ ਕਿ ਗੁਰਦੁਆਰੇ ਵਿੱਚ ਆ ਕੇ ਮੱਥਾ ਵੀ ਨਹੀਂ ਟੇਕਦੇ ਅਤੇ ਪ੍ਰਸਾਦ ਵੀ ਨਹੀਂ ਲੈਂਦੇ।
ਸੂਬਾ ਅਮਰੀਕ ਸਿੰਘ ਨੇ ਜਥੇਦਾਰ ਨੂੰ ਸਤਿਕਾਰ ਸਹਿਤ ਬੇਨਤੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਯੂ. ਪੀ . ਬਿਹਾਰ ਵਾਲਿਆਂ ਵਾਸਤੇ ਐਵੇਂ ਦੇ ਬਚਨ ਨਹੀਂ ਕਰਨੇ ਚਾਹੀਦੇ, ਯੂਪੀ ਅਤੇ ਬਿਹਾਰ ਵਾਲੇ ਲੋਕ ਸ਼ਹੀਦੀ ਦਿਹਾੜੇ ਕਿਉਂ ਨਹੀਂ ਮਨਾ ਸਕਦੇ ? ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪੰਜਾਂ ਪਿਆਰਿਆਂ ਵਿੱਚੋਂ ਭਾਈ ਧਰਮ ਸਿੰਘ’ ਵੀ ਤਾਂ ਯੂ.ਪੀ. ਤੋਂ ਸਨ।
ਅਮਰੀਕ ਸਿੰਘ ਨੇ ਕਿਹਾ ਕਿ ਜੇਕਰ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਯੂ.ਪੀ ਅਤੇ ਬਿਹਾਰ ਵਾਲਿਆਂ ਨੂੰ ਇਕੱਠੇ ਕਰਕੇ ਗੁਰਪੁਰਬ/ਸ਼ਹੀਦੀ ਦਿਹਾੜਾ ਮਨਾਉਣ ਲਾ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ ਲਾ ਸਕਦੇ ਤੁਸੀਂ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਕਰਕੇ ਪੰਥ ਦੀ ਮਹਾਨ ਹਸਤੀ ਮੰਨ ਜਾਂਦੇ ਹੈ। ਬਿਹਾਰ ਅਤੇ ਯੂ.ਪੀ ਦੇ ਬੰਦਿਆਂ ਤੇ ਉਂਗਲ ਚੁੱਕਣ ਤੋਂ ਪਹਿਲਾਂ, ਜਥੇਦਾਰ ਜੀ ਇਹ ਵੀ ਸੋਚਣ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਬਣਨ ਵਾਲੇ ਪੰਜ ਪਿਆਰ, ਕੀ ਉਹ ਸਾਰੇ ਪੰਜਾਬ ਤੋਂ ਹੀ ਸਨ? ਭਾਈ ਧਰਮ ਸਿੰਘ ਜੀ ਤਾਂ ਯੂ.ਪੀ ਤੋਂ ਸਨ। ਤੁਸੀਂ ਯੂ.ਪੀ. ਅਤੇ ਬਿਹਾਰ ਵਾਲਿਆਂ ਦਾ ਪੰਜਾਬ ਵਿੱਚ ਆਉਣ ਉੱਤੇ ਇਤਰਾਜ਼ ਕਰ ਰਹੇ ਹੋ।
ਜੇ ਉਹ ਪੰਜਾਬ ਤੋਂ ਬਾਹਰੋਂ ਆ ਕੇ ਗੁਰੂ ਦੇ ਪਿਆਰੇ ਬਣ ਸਕਦੇ ਹਨ ਤਾਂ ਅੱਜ, ਯੂ.ਪੀ. ਅਤੇ ਬਿਹਾਰ ਦੇ ਲੋਕ ਸਿੱਖ ਕਿਉਂ ਨਹੀਂ ਬਣ ਸਕਦੇ ? ਤੁਸੀਂ ਉਨ੍ਹਾਂ ਨੂੰ ਸਿੱਖ ਬਣਾਓ ਤਾਂ ਸਹੀ ਉਹ ਤਾਂ ਬਣਨ ਨੂੰ ਤਿਆਰ ਹਨ। ਬਿਹਾਰ ਵਾਲੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਮੰਨਦੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਤੁਹਾਡੀ ਸ਼੍ਰੋਮਣੀ ਕਮੇਟੀ ਨੂੰ ਖਤਰਾ ਹੈ। ਕਿਤੇ ਯੂ.ਪੀ. ਅਤੇ ਬਿਹਾਰ ਵਾਲੇ ਸਿੱਖ ਬਣ ਕੇ ਸਾਡੇ ਗੁਰਦੁਆਰਿਆਂ ਉੱਤੇ ਕਬਜ਼ਾ ਨਾ ਕਰ ਲੈਣ ਅਤੇ ਗੋਲਕ ਦੀ ਮਾਇਆ ਸਾਡੇ ਕੋਲੋਂ ਕਿਤੇ ਖੁੱਸ ਨਾ ਜਾਵੇ ।
ਉਨ੍ਹਾਂ ਜੱਥੇਦਾਰ ਜੀ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਉਹਨਾਂ ਨਾਲ ਯੂ. ਪੀ. ਅਤੇ ਬਿਹਾਰ ਦੇ ਲੋਕ ਕਹਿ ਕੇ ਨਫ਼ਰਤ ਕਿਉਂ ਕਰਦੇ ਹੋ ? ਕੀ ਆਪ ਜੀ ਨੇ ਸਿੱਖੀ ਵਧਾਉਣੀ ਹੈ ਜਾਂ ਘਟਾਉਣੀ ਹੈ ? ਸਿੱਖੀ ਪ੍ਰੇਮ ਨਾਲ ਵਧੇਗੀ, ਨਫ਼ਰਤ ਨਾਲ ਨਹੀਂ। ਅਸੀਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਪੱਤਰ ਦਿੱਤਾ ਹੈ ਸਾਨੂੰ ਉਮੀਦ ਹੈ ਉਹ ਇਸ ਗੱਲ ਤੇ ਪੂਰੀ ਗ਼ੌਰ ਕਰਨਗੇ |