Ravneet Singh Bittu

ਰਵਨੀਤ ਸਿੰਘ ਬਿੱਟੂ ਨੇ ਜੇਲ੍ਹ ‘ਚ ਭਾਰਤ ਭੂਸ਼ਣ ਆਸ਼ੂ ਨਾਲ ਕੀਤੀ ਮੁਲਾਕਾਤ, ਵਿਜੀਲੈਂਸ ਜਾਂਚ ‘ਤੇ ਚੁੱਕੇ ਸਵਾਲ

ਚੰਡੀਗੜ੍ਹ 04 ਜਨਵਰੀ 2023: ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਕੇਂਦਰੀ ਜੇਲ੍ਹ ਪਟਿਆਲਾ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕੀਤੀ। ਅਜਿਹਾ ਦੂਸਰੀ ਵਾਰ ਹੋਇਆ ਹੈ ਕਿ ਬਿੱਟੂ ਜੇਲ੍ਹ ਵਿਚ ਤਾਂ ਆਏ ਪਰ ਨਵਜੋਤ ਸਿੱਧੂ ਨਾਲ ਮੁਲਾਕਾਤ ਨਹੀਂ ਕੀਤੀ | ਮੁਲਾਕਾਤ ਉਪਰੰਤ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਭਾਰਤ ਜੋੜੋ ਯਾਤਰਾ ਸੰਬੰਧੀ ਹਾਈਕਮਾਂਡ ਦਾ ਸੁਨੇਹਾ ਲੈ ਕੇ ਭਾਰਤ ਭੂਸ਼ਣ ਆਸ਼ੂ ਕੋਲ ਪੁੱਜੇ ਸਨ। ਭਾਰਤ ਜੋੜੋ ਯਾਤਰਾ ਦੀਆਂ ਲੁਧਿਆਣਾ ਵਿਚ ਤਿਆਰੀਆਂ ਸੰਬੰਧੀ ਭਾਰਤ ਭੂਸ਼ਣ ਆਸ਼ੂ ਨਾਲ ਗੱਲਬਾਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦੇ ਪੀਏ ’ਤੇ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਹੈ। ਜੇਕਰ ਇਹ ਸਿਲਸਿਲਾ ਨਾ ਰੁਕਿਆ ਤਾਂ ਯਾਤਰਾ ਦਾ ਮੂੰਹ ਵਿਜੀਲੈਂਸ ਵੱਲ ਮੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੇ ਚੁਣੀ ਹੈ ਪਰ ਸਮਝ ਨਹੀਂ ਆ ਰਹੀ ਇਹ ਦਿੱਲੀ ਦੇ ਕੁਝ ਵਿਅਕਤੀਆਂ ਲਈ ਕੰਮ ਕਰ ਰਹੀ ਹੈ।

ਪੰਜਾਬ ਵਿਚ ਜ਼ੀਰਾ ਫੈਕਟਰੀ ਤੇ ਸ਼ੰਭੂ ਬੈਰੀਅਰ ’ਤੇ ਧਰਨੇ ਜਾਰੀ ਹਨ। ਮੁੱਖ ਮੰਤਰੀ ਦੇ ਘਰ ਕੋਲੋਂ ਬੰਬ ਮਿਲ ਜਾਂਦਾ ਹੈ ਤਾਂ ਸੂਬੇ ਦੇ ਹਾਲਾਤ ਬਾਰੇ ਸਮਝਿਆ ਜਾ ਸਕਦਾ ਹੈ, ਵੱਡੇ-ਵੱਡੇ ਵਪਾਰੀ ਪੰਜਾਬ ਵਿਚੋਂ ਬਾਹਰ ਜਾ ਰਹੇ ਹਨ। ਟਰੱਕ ਯੂਨੀਅਨ ਭੰਗ ਕਰਨ ਬਾਰੇ ਰਵਨੀਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਵੀ ਯੂਨੀਅਨਾਂ ਭੰਗ ਕਰਨ ਦਾ ਫ਼ੈਸਲਾ ਗਲਤ ਸੀ ਤੇ ਹੁਣ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਟਰੱਕ ਯੂਨੀਅਨਾਂ ਨੂੰ ਬਹਾਲ ਕੀਤਾ ਜਾਵੇ |

Scroll to Top