ਚੰਡੀਗੜ੍ਹ 02 ਜਨਵਰੀ 2022: (IND vs SL) ਸ਼੍ਰੀਲੰਕਾ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਹਾਰਦਿਕ ਪੰਡਯਾ (Hardik Pandya) ਨੇ ਕਿਹਾ ਹੈ ਕਿ ਟੀਮ ਇੰਡੀਆ ਦਾ ਟੀਚਾ ਇਸ ਸਾਲ ਵਿਸ਼ਵ ਕੱਪ ਜਿੱਤਣਾ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਮੰਗਲਵਾਰ (3 ਜਨਵਰੀ) ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ।
ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਟੀਮ ਇੰਡੀਆ ਵਿਸ਼ਵ ਕੱਪ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਿਸ਼ਭ ਪੰਤ ਦੇ ਹਾਦਸੇ ‘ਤੇ ਵੀ ਆਪਣੀ ਰਾਏ ਦਿੱਤੀ। ਪੰਡਯਾ ਨੇ ਕਿਹਾ ਕਿ ਪੂਰੀ ਭਾਰਤੀ ਟੀਮ ਪੰਤ ਦੇ ਨਾਲ ਖੜ੍ਹੀ ਹੈ।
ਹਾਰਦਿਕ ਨੇ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ‘ਚ ਰਿਸ਼ਭ ਪੰਤ ਨਾਲ ਜੁੜੇ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ, ”ਰਿਸ਼ਭ ਪੰਤ ਨਾਲ ਜੋ ਹੋਇਆ ਉਹ ਮੰਦਭਾਗਾ ਸੀ। ਸਾਡਾ ਪਿਆਰ, ਸਾਡੀਆਂ ਦੁਆਵਾਂ ਉਸਦੇ ਨਾਲ ਹਨ। ਪੰਤ ਟੀਮ ਲਈ ਅਹਿਮ ਖਿਡਾਰੀ ਹੈ। ਸਾਨੂੰ ਹੋਰ ਮੁਲਾਂਕਣ ਕਰਨ ਦੀ ਲੋੜ ਹੈ। ਉਸ ਦੀ ਗੈਰ-ਮੌਜੂਦਗੀ ਵਿੱਚ ਹੋਰਾਂ ਨੂੰ ਮੌਕਾ ਮਿਲੇਗਾ। ਟੀਮ ‘ਚ ਉਸ ਦੀ ਗੈਰਹਾਜ਼ਰੀ ਨਾਲ ਵੱਡਾ ਫਰਕ ਪਵੇਗਾ।
ਜਿਕਰਯੋਗ ਹੈ ਕਿ ਰਿਸ਼ਭ ਪੰਤ ਦੀ ਕਾਰ ਉਤਰਾਖੰਡ ਦੇ ਰੁੜਕੀ ਨੇੜੇ ਸ਼ੁੱਕਰਵਾਰ (30 ਦਸੰਬਰ) ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਰਿਸ਼ਭ ਪੰਤ ਦੀ ਜਾਨ ਬਚ ਗਈ। ਪੰਤ ਦੇ ਗੋਡੇ ਵਿੱਚ ਫਰੈਕਚਰ ਹੈ ਅਤੇ ਮੱਥੇ ‘ਤੇ ਟਾਂਕੇ ਲੱਗੇ ਹਨ। ਹੱਥ ਅਤੇ ਪਿੱਠ ‘ਤੇ ਵੀ ਸੱਟ ਲੱਗੀ ਹੈ। ਇਸ ਹਾਦਸੇ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਪੇਸ਼ੇਵਰ ਕ੍ਰਿਕਟ ਤੋਂ ਦੂਰ ਰਹਿ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਪੰਤ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ ਘੱਟੋ-ਘੱਟ ਛੇ ਮਹੀਨੇ ਲੱਗਣਗੇ।