ਚੰਡੀਗੜ੍ਹ 02 ਜਨਵਰੀ 2023: ਜੰਮੂ-ਕਸ਼ਮੀਰ ‘ਚ ਅੱਜ ਰਾਜੌਰੀ (Rajouri) ਜ਼ਿਲੇ ਦੇ ਡੰਗਰੀ ਪਿੰਡ ‘ਚ ਆਈਈਡੀ ਧਮਾਕੇ ‘ਚ ਇਕ ਬੱਚੇ ਦੀ ਮੌਤ ਹੋ ਗਈ ਅਤੇ ਪੰਜ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਪਿੰਡ ਡਾਂਗਰੀ ਵਿੱਚ ਕੱਲ੍ਹ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਪੀੜਤ ਦੇ ਘਰ ਦੇ ਨੇੜੇ ਧਮਾਕਾ ਹੋਇਆ ਸੀ। ਸੱਟਾਂ ਲੱਗਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹੈ। ਧਮਾਕੇ ਵਾਲੀ ਥਾਂ ‘ਤੇ ਇਕ ਹੋਰ ਸ਼ੱਕੀ ਆਈਈਡੀ ਮਿਲਿਆ ਹੈ, ਜਿਸ ਨੂੰ ਹਟਾਇਆ ਜਾ ਰਿਹਾ ਹੈ।
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਰਾਜੌਰੀ (Rajouri) ‘ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਪ ਰਾਜਪਾਲ ਦਫ਼ਤਰ ਅਨੁਸਾਰ ਇਸ ਘਿਨੌਣੇ ਹਮਲੇ ਵਿਚ ਮਾਰੇ ਗਏ ਹਰੇਕ ਨਾਗਰਿਕ ਦੇ ਵਾਰਸਾਂ ਨੂੰ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਇਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਗੰਭੀਰ ਜ਼ਖ਼ਮੀਆਂ ਨੂੰ 1 ਲੱਖ ਰੁਪਏ ਦਿੱਤੇ ਜਾਣਗੇ।
ਇਸ ਤੋਂ ਪਹਿਲਾਂ ਐਤਵਾਰ ਨੂੰ ਇਸ ਪਿੰਡ ‘ਚ ਹੋਏ ਅੱਤਵਾਦੀ ਹਮਲੇ ‘ਚ 4 ਨਾਗਰਿਕ ਮਾਰੇ ਗਏ ਸਨ। ਇਸ ਤੋਂ ਬਾਅਦ ਇਲਾਕੇ ‘ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।ਸੁਰੱਖਿਆ ਕਰਮਚਾਰੀ ਡਰੋਨ ਨਾਲ ਇਲਾਕੇ ਦੀ ਨਿਗਰਾਨੀ ਕਰ ਰਹੇ ਹਨ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਇਕ ਪਿੰਡ ‘ਚ ਐਤਵਾਰ ਸ਼ਾਮ ਨੂੰ ਸ਼ੱਕੀ ਅੱਤਵਾਦੀਆਂ ਨੇ ਇਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਤਿੰਨ ਘਰਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ‘ਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖਮੀ ਹੋ ਗਏ। ਮਹੱਤਵਪੂਰਨ ਗੱਲ ਇਹ ਹੈ ਕਿ ਜੰਮੂ ਖੇਤਰ ਵਿੱਚ ਪਿਛਲੇ ਕਈ ਸਾਲਾਂ ਵਿੱਚ ਇਹ ਪਹਿਲਾ ਅਜਿਹਾ ਹਮਲਾ ਹੈ, ਜੋ ਘਾਟੀ ਦੇ ਮੁਕਾਬਲੇ ਬਹੁਤ ਸ਼ਾਂਤੀਪੂਰਨ ਹੈ ਅਤੇ ਉਹ ਵੀ ਨਵੇਂ ਸਾਲ ਦੇ ਪਹਿਲੇ ਦਿਨ।
ਜੰਮੂ ਜ਼ੋਨ ਦੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਮੁਕੇਸ਼ ਸਿੰਘ ਨੇ ਦੱਸਿਆ ਕਿ ਪੁਲਿਸ, ਫੌਜ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਨੇ ਅੱਪਰ ਡੰਗਰੀ ਪਿੰਡ ਗੋਲੀਬਾਰੀ ਵਿੱਚ ਸ਼ਾਮਲ ਦੋ “ਹਥਿਆਰਬੰਦ ਵਿਅਕਤੀਆਂ” ਨੂੰ ਫੜਨ ਲਈ ਸਾਂਝੇ ਤੌਰ ‘ਤੇ ਇੱਕ ਵਿਆਪਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।