ਚੰਡੀਗੜ੍ਹ 01 ਅਕਤੂਬਰ 2022: ਮੱਧ ਪ੍ਰਦੇਸ਼ ਦੇ ਇੰਦੌਰ (Indore) ਨੇ ਇਕ ਵਾਰ ਫਿਰ ਸਵੱਛ ਸਰਵੇਖਣ ਪੁਰਸਕਾਰ ਜਿੱਤਿਆ ਹੈ। ਇੰਦੌਰ ਨੇ ਲਗਾਤਾਰ 6 ਵਾਰ ਦੇਸ਼ ਦੇ ‘ਸਭ ਤੋਂ ਸਾਫ਼ ਸ਼ਹਿਰ’ ਦਾ ਖਿਤਾਬ ਆਪਣੇ ਨਾਂ ਕੀਤਾ ਹੈ । ਸਫ਼ਾਈ ਦੇ ਮਾਮਲੇ ਵਿੱਚ ਇੰਦੌਰ ਦੇਸ਼ ਦਾ ਨੰਬਰ ਇੱਕ ਸ਼ਹਿਰ ਬਣਿਆ ਹੋਇਆ ਹੈ। ਇੰਦੌਰ ਦੀ 61ਵੇਂ ਨੰਬਰ ਤੋਂ ਸਿਖਰ ਤੱਕ ਜਾਣ ਦੀ ਕਹਾਣੀ ਕਿਸੇ ਮਿਸ਼ਨ ਤੋਂ ਘੱਟ ਨਹੀਂ ਹੈ। ਇਸ ਸਾਲ ਛੇਵੀਂ ਵਾਰ ਇੰਦੌਰ ਸਾਫ਼-ਸਫ਼ਾਈ ਦੇ ਅਸਮਾਨ ਵਿੱਚ ਇੱਕ ਧਰੁਵ ਤਾਰੇ ਵਜੋਂ ਚਮਕਿਆ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 1 ਅਕਤੂਬਰ, 2022 ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਦੇਸ਼ ਸਭ ਤੋਂ ਸਵੱਛ ਰਾਜਾਂ ਅਤੇ ਸ਼ਹਿਰਾਂ ਨੂੰ ਸਨਮਾਨਿਤ ਕੀਤਾ।
ਇੰਦੌਰ ਨੂੰ ਸਾਫ਼-ਸੁਥਰਾ ਬਣਾਉਣ ਲਈ 50 ਕਰੋੜ ਦਾ ਸਾਲਾਨਾ ਖ਼ਰਚ
ਇੰਦੌਰ (Indore) ਨੂੰ ਸਾਫ਼-ਸੁਥਰਾ ਬਣਾਉਣ ਲਈ 50 ਕਰੋੜ ਦਾ ਸਾਲਾਨਾ ਖ਼ਰਚ ਕੀਤਾ ਜਾ ਰਿਹਾ ਹੈ ਇੰਦੌਰ ਨਗਰ ਨਿਗਮ ਸ਼ਹਿਰ ਦੀ ਸਫ਼ਾਈ ਲਈ ‘ਆਤਮ-ਨਿਰਭਰ’ ਹੋ ਗਿਆ ਹੈ। ਪਹਿਲੀ ਵਾਰ ਇੰਦੌਰ ਨਗਰ ਨਿਗਮ ਨੂੰ ਵਾਹਨਾਂ ਦੀ ਖਰੀਦ ਅਤੇ ਟ੍ਰਾਂਸਫਰ ਸਟੇਸ਼ਨਾਂ ਦੇ ਨਿਰਮਾਣ ਕਾਰਨ ਕੂੜਾ ਪ੍ਰਬੰਧਨ ‘ਤੇ 160 ਕਰੋੜ ਰੁਪਏ ਖਰਚਣੇ ਪਏ। ਪਰ ਉਦੋਂ ਤੋਂ ਇਹ ਖਰਚਾ ਘਟ ਕੇ 50 ਕਰੋੜ ਰੁਪਏ ਸਾਲਾਨਾ ਰਹਿ ਗਿਆ ਹੈ। ਪਿਛਲੇ ਸਾਲ 90% ਵੇਸਟ ਮੈਨੇਜਮੈਂਟ ਫੀਸ ਵਸੂਲੀ ਗਈ ਸੀ ਜੋ ਕਿ 45 ਕਰੋੜ ਸੀ।