ਚੰਡੀਗੜ੍ਹ 01 ਅਪ੍ਰੈਲ 2022: ਯੂਕਰੇਨ ਨਾਲ ਜਾਰੀ ਜੰਗ ਦਰਮਿਆਨ ਭਾਰਤ ਦੌਰੇ ‘ਤੇ ਆਏ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਸ ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਸੀ ।ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਰੂਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਮਾਸਕੋ ਅਤੇ ਕੀਵ ਵਿਚਾਲੇ ਵਿਚੋਲਗੀ ਕਰ ਸਕਦਾ ਹੈ । ਉਨ੍ਹਾਂ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਾਲੇ ਹੁਣ ਤੱਕ ਜੰਗ ਨੂੰ ਖਤਮ ਕਰਨ ਲਈ ਕਿਸੇ ਹੱਲ ‘ਤੇ ਪਹੁੰਚਣ ‘ਚ ਅਸਫਲ ਰਹੇ । ਦੱਸ ਦੇਈਏ ਕਿ ਭਾਰਤ ਆਉਣ ਤੋਂ ਪਹਿਲਾਂ ਸਰਗੇਈ ਲਾਵਰੋਵ ਚੀਨ ਦੇ ਦੌਰੇ ‘ਤੇ ਗਏ ਸਨ।
ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ‘ਚ ਭਾਰਤ ਦੀ ਭੂਮਿਕਾ ਦੀ ਸੰਭਾਵਨਾ
ਰੂਸ ਅਤੇ ਯੂਕਰੇਨ ਵਿਚਾਲੇ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਵੱਲੋਂ ਵਿਚੋਲਗੀ ਕਰਨ ਦੀ ਸੰਭਾਵਨਾ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਭਾਰਤ ਇਕ ਮਹੱਤਵਪੂਰਨ ਦੇਸ਼ ਹੈ। ਲਾਵਰੋਵ ਨੇ ਕਿਹਾ, “ਜੇਕਰ ਭਾਰਤ ਅਜਿਹੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ ਜੋ ਸਮੱਸਿਆ ਦਾ ਹੱਲ ਕਰ ਸਕਦਾ ਹੈ… ਜੇਕਰ ਅੰਤਰਰਾਸ਼ਟਰੀ ਚੁਣੌਤੀਆਂ ‘ਤੇ ਭਾਰਤ ਦੀ ਸਥਿਤੀ ਸਹੀ ਅਤੇ ਚੰਗੀ ਤਰ੍ਹਾਂ ਸਮਝੀ ਜਾਂਦੀ ਹੈ, ਤਾਂ ਉਹ ਅਜਿਹੇ ਮਾਮਲਿਆਂ ‘ਚ ਸਹਿਯੋਗ ਕਰ ਸਕਦਾ ਹੈ |
ਲਾਵਰੋਵ ਵੀਰਵਾਰ ਨੂੰ ਦੋ ਦਿਨਾਂ ਸਰਕਾਰੀ ਦੌਰੇ ‘ਤੇ ਭਾਰਤ ਆਏ ਸਨ। ਉਨ੍ਹਾਂ ਨੇ ਭਾਰਤ ਦੀ ਸੁਤੰਤਰ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ ਅਤੇ ਭਾਰਤ ‘ਤੇ ਅਮਰੀਕੀ ਦਬਾਅ, ਬਿਜਲੀ ਦੀਆਂ ਵਧਦੀਆਂ ਕੀਮਤਾਂ ਅਤੇ ਰੂਸ ‘ਤੇ ਪਾਬੰਦੀਆਂ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਭਾਰਤ-ਰੂਸ ਸੰਬੰਧਾਂ ‘ਤੇ ਅਮਰੀਕੀ ਦਬਾਅ ਦੇ ਪ੍ਰਭਾਵ ‘ਤੇ ਉਨ੍ਹਾਂ ਕਿਹਾ ਕਿ ਇਸ ਨਾਲ ਸਾਂਝੇਦਾਰੀ ‘ਤੇ ਕੋਈ ਅਸਰ ਨਹੀਂ ਪੈਂਦਾ। ਸਾਡੀ ਭਾਗੀਦਾਰੀ ਪ੍ਰਭਾਵਤ ਨਹੀਂ ਹੋਵੇਗੀ ।