SIR in Punjab

ਪੰਜਾਬ ‘ਚ SIR ਪ੍ਰਕਿਰਿਆ ਮੁਕੰਮਲ ਹੋਣ ਨੇੜੇ, 99 ਫ਼ੀਸਦ ਤੋਂ ਵੱਧ ਕੰਮ ਮੁਕੰਮਲ: ਅਨਿੰਦਿਤਾ ਮਿਤਰਾ

ਚੰਡੀਗੜ੍ਹ, 01 ਅਕਤੂਬਰ 2026: ਪੰਜਾਬ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (SIR) ਦਾ 99.21 ਫ਼ੀਸਦ ਕੰਮ ਪੂਰਾ ਹੋਣ ਨਾਲ ਐਸ.ਆਈ.ਆਰ ਦਾ ਸਮੁੱਚਾ ਅਮਲ ਮੁਕੰਮਲ ਹੋਣ ਨੇੜੇ ਪਹੁੰਚ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ 08 ਜ਼ਿਲ੍ਹਿਆਂ, ਜਿਨ੍ਹਾਂ ‘ਚ ਮੋਗਾ, ਸ਼ਹੀਦ ਭਗਤ ਸਿੰਘ ਨਗਰ (ਐੱਸ.ਬੀ.ਐੱਸ. ਨਗਰ), ਮਾਨਸਾ, ਤਰਨ ਤਾਰਨ, ਫ਼ਰੀਦਕੋਟ, ਸੰਗਰੂਰ, ਪਟਿਆਲਾ ਅਤੇ ਮਾਲੇਰਕੋਟਲਾ ਨੇ ਐੱਸ.ਆਈ.ਆਰ. 2026 ਦਾ ਕੰਮ 100 ਫ਼ੀਸਦ ਮੁਕੰਮਲ ਕਰ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ‘ਚੋਂ 55 ਹਲਕਿਆਂ ‘ਚ ਵੀ ਇਹ ਮੁਕੰਮਲ ਪੂਰਾ ਹੋ ਚੁੱਕਾ ਹੈ।

ਮੁੱਖ ਚੋਣ ਅਫ਼ਸਰ, ਪੰਜਾਬ ਨੇ ਦੱਸਿਆ ਕਿ ਵੋਟਰ ਸੂਚੀ ‘ਚ ਹਰ ਯੋਗ ਵੋਟਰ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਵੋਟਰਾਂ ਦੀ ਸਹੂਲਤ ਲਈ, ਜਿਨ੍ਹਾਂ ਮਾਮਲਿਆਂ ‘ਚ ਨੋਟਿਸ ਜਾਰੀ ਕੀਤੇ ਹਨ ਅਤੇ ਸੁਣਵਾਈ ਜਾਂ ਦਸਤਾਵੇਜ਼ ਜਮ੍ਹਾਂ ਕਰਵਾਉਣੇ ਬਾਕੀ ਹਨ, ਉੱਥੇ ਬੂਥ ਲੈਵਲ ਅਫ਼ਸਰ (BLO) ਖ਼ੁਦ ਵੋਟਰਾਂ ਨਾਲ ਰਾਬਤਾ ਕਾਇਮ ਕਰਨਗੇ ਅਤੇ ਵੋਟਰਾਂ ਨੂੰ ਦਫ਼ਤਰਾਂ ‘ਚ ਸੱਦਣ ਦੀ ਬਜਾਏ ਉਨ੍ਹਾਂ ਪਾਸੋਂ ਲੋੜੀਂਦੇ ਦਸਤਾਵੇਜ਼ ਸਿੱਧੇ ਤੌਰ ‘ਤੇ ਇਕੱਤਰ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਪ੍ਰਬੰਧ ਨਾਲ ਵੋਟਰਾਂ ਨੂੰ ਨਿੱਜੀ ਸੁਣਵਾਈ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਚੋਣ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਜਾਣ ਦੀ ਲੋੜ ਨਹੀਂ ਪਵੇਗੀ।” ਇਸ ਤੋਂ ਇਲਾਵਾ, ਜਿਨ੍ਹਾਂ ਵਿਧਾਨ ਸਭਾ ਹਲਕਿਆਂ ‘ਚ ਅਜੇ ਵੀ ਕੁੱਝ ਕੰਮ ਬਾਕੀ ਹੈ, ਉੱਥੇ ਵੋਟਰਾਂ ਦੀ ਸਹੂਲਤ ਲਈ ਆਉਣ ਵਾਲੇ ਹਫ਼ਤੇ ਦੇ ਅਖ਼ੀਰਲੇ ਦਿਨਾਂ (ਵੀਕੈਂਡ) ‘ਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।

ਵੋਟਰ ਸੂਚੀ ਨਾਲ ਸਬੰਧਤ ਸ਼ੰਕਿਆਂ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਸੂਬੇ ਭਰ ਦੇ ਜ਼ਿਲ੍ਹਾ ਚੋਣ ਅਫ਼ਸਰਾਂ ਅਤੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ‘ਚ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ। ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਸਮੁੱਚੀ ਚੋਣ ਮਸ਼ੀਨਰੀ ਨਾਲ ਤਾਲਮੇਲ ਕਰਕੇ ਇਸ ਪੂਰੀ ਪ੍ਰਕਿਰਿਆ ਨੂੰ ਸੁਚਾਰੂ, ਪਾਰਦਰਸ਼ੀ ਅਤੇ ਸਮੇਂ ਸਿਰ ਮੁਕੰਮਲ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।

ਅਨਿੰਦਿਤਾ ਮਿਤਰਾ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀ.ਐੱਲ.ਓ ਅਤੇ ਹੋਰ ਚੋਣ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦੇਣ ਅਤੇ ਇਸ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਲੋੜੀਂਦੇ ਦਸਤਾਵੇਜ਼ ਤੇ ਜਾਣਕਾਰੀ ਛੇਤੀ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ।

Read More: ਚੰਡੀਗੜ੍ਹੁ ‘ਚ “ਈ-ਸੰਪਦਾ ਸੀਐਚਡੀ” ਐੱਪ ਲਾਂਚ, ਹੁਣ ਘਰ ਬੈਠੇ ਹੋਣਗੇ ਜਾਇਦਾਦ ਸਬੰਧੀ ਕੰਮ

ਵਿਦੇਸ਼

Scroll to Top