ਦਿੱਲੀ, 25 ਅਗਸਤ 2026: ਸੁਪਰੀਮ ਕੋਰਟ ਨੇ ਪੱਤਰਕਾਰ ਤਰੁਣ ਤੇਜਪਾਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ‘ਚ 2013 ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਆਤਮ ਸਮਰਪਣ ਤੋਂ ਛੋਟ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ ਤਰੁਣ ਤੇਜਪਾਲ ਨੂੰ 2013 ਦੇ ਇਸ ਮਾਮਲੇ ‘ਚ ਆਪਣੀ 10 ਸਾਲ ਦੀ ਸਜ਼ਾ ਭੁਗਤਣ ਲਈ ਦੋ ਹਫ਼ਤਿਆਂ ਦੇ ਅੰਦਰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ।ਸੁਪਰੀਮ ਕੋਰਟ ਨੇ ਤੇਜਪਾਲ ਦੀ ਸਜ਼ਾ ਅਤੇ ਸਜ਼ਾ ਵਿਰੁੱਧ ਅਪੀਲ ਦੀ ਸੁਣਵਾਈ ਲਈ 22 ਸਤੰਬਰ ਦੀ ਤਾਰੀਖ਼ ਨਿਰਧਾਰਤ ਕੀਤੀ ਹੈ।
ਜਿਕਰਯੋਗ ਹੈ ਕਿ ਤਰੁਣ ਤੇਜਪਾਲ ਤਹਿਲਕਾ ਮੈਗਜ਼ੀਨ ਦੇ ਸੰਸਥਾਪਕ ਅਤੇ ਉਸ ਸਮੇਂ ਦੇ ਸੰਪਾਦਕ-ਇਨ-ਚੀਫ਼ ਸਨ। 2013 ‘ਚ, ਇੱਕ ਜੂਨੀਅਰ ਮਹਿਲਾ ਸਹਿਯੋਗੀ ਵੱਲੋਂ ਉਨ੍ਹਾਂ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਤੋਂ ਬਾਅਦ ਉਹ ਵਿਵਾਦਾਂ ‘ਚ ਘਿਰ ਗਏ ਸਨ। ਸ਼ਿਕਾਇਤ ਤੋਂ ਬਾਅਦ, ਉਨ੍ਹਾਂ ਨੇ ਨਿਰਪੱਖ ਜਾਂਚ ਲਈ ਛੇ ਮਹੀਨਿਆਂ ਲਈ ਸੰਪਾਦਕੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ।
ਕੀ ਹੈ ਪੂਰਾ ਮਾਮਲਾ ?
ਇਹ ਮਾਮਲਾ ਨਵੰਬਰ 2013 ਦਾ ਹੈ। ਦੋਸ਼ ਹੈ ਕਿ ਤਰੁਣ ਤੇਜਪਾਲ ਨੇ 7 ਅਤੇ 8 ਨਵੰਬਰ, 2013 ਨੂੰ ਗੋਆ ਦੇ ਇੱਕ ਹੋਟਲ ‘ਚ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਆਪਣੀ ਜੂਨੀਅਰ ਮਹਿਲਾ ਸਹਿਯੋਗੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਘਟਨਾ ਤੋਂ ਲਗਭਗ 10 ਦਿਨ ਬਾਅਦ, 18 ਨਵੰਬਰ, 2013 ਨੂੰ ਪੀੜਤਾ ਨੇ ਤਹਿਲਕਾ ਦੀ ਤਤਕਾਲੀ ਪ੍ਰਬੰਧਕ ਸੰਪਾਦਕ, ਸ਼ੋਮਾ ਚੌਧਰੀ ਨੂੰ ਇਸ ਘਟਨਾ ਬਾਰੇ ਸ਼ਿਕਾਇਤ ਕੀਤੀ। ਸ਼ਿਕਾਇਤ ‘ਚ, ਉਨ੍ਹਾਂ ਨੇ ਪੂਰੀ ਘਟਨਾ ਦਾ ਵਰਣਨ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ।
ਹਾਈ ਕੋਰਟ ਨੇ ਤਰੁਣ ਤੇਜਪਾਲ ਨੂੰ ਬਲਾਤਕਾਰ ਅਤੇ ਇੱਕ ਔਰਤ ਦੀ ਮਰਿਯਾਦਾਂ ਭੰਗ ਕਰਨ ਦਾ ਦੋਸ਼ੀ ਠਹਿਰਾਇਆ ਅਤੇ ਉਸਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਉਸਨੂੰ ਭਾਰਤੀ ਦੰਡ ਸੰਹਿਤਾ (IPC) ਦੀਆਂ ਚਾਰ ਧਾਰਾਵਾਂ ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਸੀ।
Read More: ਅਧਿਕਾਰੀ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਉਣ: ਕ੍ਰਿਸ਼ਨ ਕੁਮਾਰ ਬੇਦੀ




