USA And Iran War

ਡੋਨਾਲਡ ਟਰੰਪ ਵੱਲੋਂ ਈਰਾਨ ਨਾਲ ਜੰਗ ਖਤਮ ਦਾ ਦਾਅਵਾ, ਈਰਾਨ ਨੇ ਦਾਅਵੇ ਨੂੰ ਕੀਤਾ ਰੱਦ

ਵਿਦੇਸ਼, 12 ਜੂਨ 2026: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਅਮਰੀਕਾ ਨੇ ਈਰਾਨ ਨਾਲ ਜੰਗ ਖਤਮ ਕਰ ਦਿੱਤੀ ਹੈ। ਟਰੰਪ ਨੇ ਇੱਕ ਵਰਚੁਅਲ ਰੈਲੀ ਦੌਰਾਨ ਆਪਣੇ ਸਮਰਥਕਾਂ ਨੂੰ ਦੱਸਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਏਗਾ।

ਦੂਜੇ ਪਾਸੇ ਈਰਾਨ ਨੇ ਡੋਨਾਲਡ ਟਰੰਪ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਨੇ ਕਿਹਾ ਕਿ ਸ਼ਾਂਤੀ ਸਮਝੌਤੇ ‘ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ।
ਇਸ ਤੋਂ ਪਹਿਲਾਂ, ਟਰੰਪ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਪਰੀਮ ਲੀਡਰ ਮੋਜਤਬਾ ਖਮੇਨੀ ਨੇ ਨਵੇਂ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਨਾਲ ਸ਼ਾਂਤੀ ਸਮਝੌਤੇ ‘ਤੇ ਇਸ ਹਫ਼ਤੇ ਯੂਰਪ ‘ਚ ਦਸਤਖਤ ਕੀਤੇ ਜਾ ਸਕਦੇ ਹਨ। ਜੇਕਰ ਸਭ ਕੁਝ ਠੀਕ ਰਿਹਾ, ਤਾਂ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਵੀ ਸ਼ਾਮਲ ਹੋਣਗੇ।

ਲੇਬਨਾਨ ਦੇ ਅਲ-ਅਖਬਾਰ ‘ਚ ਇੱਕ ਰਿਪੋਰਟ ਦੇ ਮੁਤਾਬਕ, ਅਮਰੀਕਾ ਅਤੇ ਈਰਾਨ ਵਿਚਕਾਰ ਪ੍ਰਸਤਾਵਿਤ ਸਮਝੌਤੇ ਲਈ ਇਜ਼ਰਾਈਲ ਨੂੰ ਲੇਬਨਾਨ ‘ਚ ਆਪਣੇ ਫੌਜੀ ਕਾਰਜਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਲੋੜ ਹੋਵੇਗੀ। ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਸਮਝੌਤੇ ਦੇ ਤਹਿਤ, ਇਜ਼ਰਾਈਲ ਨੂੰ ਦੱਖਣੀ ਲੇਬਨਾਨ ਦੇ ਸਾਰੇ ਕਬਜ਼ੇ ਵਾਲੇ ਖੇਤਰਾਂ ਤੋਂ ਪਿੱਛੇ ਹਟਣਾ ਪਵੇਗਾ ਅਤੇ ਉੱਥੇ ਤਾਇਨਾਤ ਆਪਣੀਆਂ ਫੌਜਾਂ ਨੂੰ ਜਲਦੀ ਵਾਪਸ ਲੈਣਾ ਪਵੇਗਾ।

ਇਸ ਤੋਂ ਇਲਾਵਾ, ਲੇਬਨਾਨ ‘ਚ ਸਾਰੇ ਹਵਾਈ ਅਤੇ ਫੌਜੀ ਹਮਲਿਆਂ ਨੂੰ ਰੋਕਣ ਦੀ ਸ਼ਰਤ ਦਾ ਵੀ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ, ਇਸ ਕਥਿਤ ਸਮਝੌਤੇ ਦੀਆਂ ਸ਼ਰਤਾਂ ਦੀ ਅਮਰੀਕਾ, ਇਜ਼ਰਾਈਲ ਜਾਂ ਈਰਾਨ ਵੱਲੋਂ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

ਮਿਸਰ ਨੇ ਅਮਰੀਕਾ ਅਤੇ ਈਰਾਨ ਨੂੰ ਅਪੀਲ ਕੀਤੀ ਹੈ ਕਿ ਉਹ ਚੱਲ ਰਹੀ ਗੱਲਬਾਤ ‘ਚ ਹੋਰ ਕਦਮ ਚੁੱਕ ਕੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਅਤੇ ਯੁੱਧ ਖਤਮ ਕਰਨ ਵੱਲ ਕਦਮ ਚੁੱਕਣ। ਮਿਸਰ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਈਰਾਨ ‘ਤੇ ਪ੍ਰਸਤਾਵਿਤ ਫੌਜੀ ਹਮਲੇ ਨੂੰ ਰੱਦ ਕਰਨ ਦੇ ਅਮਰੀਕੀ ਐਲਾਨ ਦਾ ਸਵਾਗਤ ਕੀਤਾ ਹੈ।

ਈਰਾਨ ਦੀ ਰਾਜਧਾਨੀ ਤਹਿਰਾਨ ਦੇ ਐਂਜੇਲਾਬ ਸਕੁਏਅਰ ‘ਚ ਇੱਕ ਭੀੜ ਇਕੱਠੀ ਹੋਈ। ਲੋਕਾਂ ਨੇ ਅਮਰੀਕਾ ਵਿਰੁੱਧ ਨਾਅਰੇਬਾਜ਼ੀ ਕੀਤੀ। ਈਰਾਨੀ ਸਰਕਾਰੀ ਮੀਡੀਆ ਦੇ ਅਨੁਸਾਰ, ਪ੍ਰਦਰਸ਼ਨਕਾਰੀਆਂ ਨੇ ਕਿਹਾ, “ਅਸੀਂ ਅਮਰੀਕਾ ਨੂੰ ਇੱਕ ਵਾਰ ਫਿਰ ਝੁਕਾਵਾਂਗੇ। ਜੇਕਰ ਇਹ ਸਾਡੇ ਦੇਸ਼ ‘ਚ ਕਦਮ ਰੱਖਦਾ ਹੈ, ਤਾਂ ਅਸੀਂ ਉਸ ਦੀਆਂ ਲੱਤਾਂ ਵੱਢ ਦੇਵਾਂਗੇ।”।

Read More: ਹੋਰਮੁਜ਼ ਜਲਡਮਰੂ ਦੇ ਨੇੜੇ ਅਮਰੀਕੀ ਹ.ਮ.ਲੇ ‘ਚ 2 ਭਾਰਤੀਆਂ ਦੀ ਮੌ.ਤ, ਮੁੱਖ ਇੰਜੀਨੀਅਰ ਲਾਪਤਾ

ਵਿਦੇਸ਼

Scroll to Top