ਦਿੱਲੀ, 11 ਜੂਨ 2026: ਦਿੱਲੀ ‘ਚ ਅਣਪਛਾਤੇ ਹਮਲਾਵਰਾਂ ਨੇ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਮਲਕੀਅਤ ਵਾਲੇ ਜਿੰਮ ਦੇ ਬਾਹਰ ਗੋਲੀਬਾਰੀ ਕੀਤੀ। ਇਸ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ ਅਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਸਨਸਨੀਖੇਜ਼ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਕਥਿਤ ਪੋਸਟ ਅਤੇ ਆਡੀਓ ਕਲਿੱਪ ਰਾਹੀਂ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਵਾਇਰਲ ਆਡੀਓ ‘ਚ, ਇੱਕ ਗੈਂਗ ਮੈਂਬਰ ਨੂੰ ਕਥਿਤ ਤੌਰ ‘ਤੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਗੁਰੂ ਰੰਧਾਵਾ ਨੂੰ ਅਦਾਕਾਰ ਸਲਮਾਨ ਖਾਨ ਨਾਲ ਨਜ਼ਦੀਕੀ ਸਬੰਧਾਂ ਕਾਰਨ ਨਿਸ਼ਾਨਾ ਬਣਾਇਆ ਗਿਆ।
ਘਟਨਾ ਦੀ ਜਾਣਕਾਰੀ ਮਿਲਣ ‘ਤੇ, ਦਿੱਲੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਜਿੰਮ ਦੇ ਬਾਹਰੋਂ ਵਿਜ਼ੂਅਲ ਅਤੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈਆਂ। ਪੁਲਿਸ ਇਹ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਇਹ ਸੱਚਮੁੱਚ ਕਿਸੇ ਗੈਂਗ ਦਾ ਕੰਮ ਹੈ ਜਾਂ ਕੀ ਕੋਈ ਹੋਰ ਇਸ ਨਾਮ ਦੀ ਵਰਤੋਂ ਦਹਿਸ਼ਤ ਫੈਲਾਉਣ ਲਈ ਕਰ ਰਿਹਾ ਹੈ।
ਦਿੱਲੀ ਪੁਲਿਸ ਦੇ ਮੁਤਾਬਕ, ਵਾਇਰਲ ਆਡੀਓ ਅਤੇ ਸੋਸ਼ਲ ਮੀਡੀਆ ਪੋਸਟਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗੀ। ਦਿੱਲੀ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 11 ਜੂਨ, 2026 ਦੀ ਸਵੇਰ ਨੂੰ ਪੁਲਿਸ ਸਟੇਸ਼ਨ ਪੱਛਮੀ ਵਿਹਾਰ ਪੂਰਬ ਨੂੰ ਦਿੱਲੀ ਦੇ ਪੁਸ਼ਕਰ ਐਨਕਲੇਵ, ਪੱਛਮੀ ਵਿਹਾਰ ਦੇ “24 ਆਵਰ ਫਿਟਨੈਸ” ਜਿਮ ‘ਚ ਹੋਈ ਗੋਲੀਬਾਰੀ ਦੀ ਘਟਨਾ ਸੰਬੰਧੀ ਇੱਕ ਪੀਸੀਆਰ ਕਾਲ ਪ੍ਰਾਪਤ ਹੋਈ। ਮੁੱਢਲੀ ਜਾਂਚ ‘ਚ ਪੁਸ਼ਟੀ ਹੋਈ ਹੈ ਕਿ ਦੋ ਅਣਪਛਾਤੇ ਵਿਅਕਤੀਆਂ, ਜਿਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ, ਜਿਨ੍ਹਾਂ ਨੇ ਮੋਟਰਸਾਈਕਲ ‘ਤੇ ਜਿਮ ਦੀਆਂ ਸ਼ੀਸ਼ੇ ਦੀਆਂ ਖਿੜਕੀਆਂ ‘ਤੇ ਕੁਝ ਗੋਲੀਆਂ ਚਲਾਈਆਂ।
ਇਸ ਘਟਨਾ ‘ਚ ਕੋਈ ਵੀ ਜ਼ਖਮੀ ਨਹੀਂ ਹੋਇਆ। ਸਥਾਨਕ ਅਤੇ ਜ਼ਿਲ੍ਹਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ, ਅਤੇ ਮਾਮਲੇ ‘ਚ ਢੁਕਵੀਂ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕਰਨ, ਉਨ੍ਹਾਂ ਦਾ ਪਤਾ ਲਗਾਉਣ ਅਤੇ ਛੇਤੀ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ।”
Read More: ਜ਼ੀਰਕਪੁਰ ਦੇ ਸਪਾ ਸੈਂਟਰ ‘ਤੇ ਪੁਲਿਸ ਦੀ ਛਾਪੇਮਾਰੀ, 2 ਵਿਦੇਸ਼ੀ ਸਮੇਤ ਛੇ 6 ਔਰਤਾਂ ਦਾ ਰੈਸਕਿਊ




