ਗੁਜਰਾਤ, 28 ਅਪ੍ਰੈਲ 2026: ਗੁਜਰਾਤ ‘ਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ‘ਚ ਭਾਜਪਾ ਨੇ ਹੁਣ ਤੱਕ 15 ਨਗਰ ਨਿਗਮਾਂ ‘ਚੋਂ ਨੌਂ ਜਿੱਤੀਆਂ ਹਨ। ਮੰਗਲਵਾਰ, 28 ਅਪ੍ਰੈਲ ਨੂੰ ਸੂਬੇ ਭਰ ‘ਚ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਾਂ ਦੀ ਗਿਣਤੀ ਜਾਰੀ ਰਹੀ। ਰਾਜ ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ, ਸੱਤਾਧਾਰੀ ਭਾਜਪਾ ਨੇ ਸੁਰੇਂਦਰਨਗਰ, ਜਾਮਨਗਰ, ਪੋਰਬੰਦਰ, ਕਰਮਸਾਦ-ਆਨੰਦ, ਨਡੀਆਦ, ਨਵਸਾਰੀ, ਵਾਪੀ, ਸੂਰਤ ਅਤੇ ਮੋਰਬੀ ਨਗਰ ਨਿਗਮਾਂ ਦੀਆਂ ਕੁੱਲ ਸੀਟਾਂ ‘ਚੋਂ ਅੱਧੀਆਂ ਤੋਂ ਵੱਧ ਜਿੱਤ ਲਈਆਂ ਹਨ।
ਭਾਜਪਾ ਨੇ ਮੋਰਬੀ ਨਗਰ ਨਿਗਮ ਦੀਆਂ ਸਾਰੀਆਂ 52 ਸੀਟਾਂ ‘ਤੇ ਕਬਜ਼ਾ ਕਰ ਲਿਆ। ਐਤਵਾਰ, 26 ਅਪ੍ਰੈਲ ਨੂੰ 15 ਨਗਰ ਨਿਗਮਾਂ, 84 ਨਗਰ ਪਾਲਿਕਾਵਾਂ, 34 ਜ਼ਿਲ੍ਹਾ ਪੰਚਾਇਤਾਂ ਅਤੇ 260 ਤਾਲੁਕਾ ਪੰਚਾਇਤਾਂ ਲਈ ਵੋਟਿੰਗ ਹੋਈ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ‘ਚ ਸਭ ਤੋਂ ਵੱਡੇ ਚੋਣ ਅਭਿਆਸਾਂ ‘ਚੋਂ ਇੱਕ ਮੰਨੀਆਂ ਜਾਣ ਵਾਲੀਆਂ ਇਨ੍ਹਾਂ ਚੋਣਾਂ ‘ਚ ਲਗਭੱਗ 9,200 ਸੀਟਾਂ ‘ਤੇ 4.18 ਕਰੋੜ ਤੋਂ ਵੱਧ ਯੋਗ ਵੋਟਰ ਸ਼ਾਮਲ ਹੋਏ।
ਰਾਜ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, ਨਗਰ ਨਿਗਮਾਂ ਲਈ 55.1 ਫੀਸਦੀ, ਨਗਰ ਪਾਲਿਕਾਵਾਂ ਲਈ 65.53 ਫੀਸਦੀ, ਜ਼ਿਲ੍ਹਾ ਪੰਚਾਇਤਾਂ ਲਈ 66.64 ਫੀਸਦੀ ਅਤੇ ਤਾਲੁਕਾ ਪੰਚਾਇਤਾਂ ਲਈ 67.26 ਫੀਸਦੀ ਵੋਟਿੰਗ ਹੋਈ। ਨਗਰ ਨਿਗਮਾਂ ‘ਚੋਂ, ਕੱਛ ਜ਼ਿਲ੍ਹੇ ਦੇ ਨਵੇਂ ਬਣੇ ਗਾਂਧੀਧਾਮ ‘ਚ ਸਭ ਤੋਂ ਘੱਟ 46.03 ਫੀਸਦੀ ਵੋਟਿੰਗ ਦਰਜ ਕੀਤੀ। ਵਲਸਾੜ ਜ਼ਿਲ੍ਹੇ ਦੇ ਵਾਪੀ ‘ਚ ਸਭ ਤੋਂ ਵੱਧ 72.29 ਫੀਸਦੀ ਵੋਟਿੰਗ ਦਰਜ ਕੀਤੀ। ਅਹਿਮਦਾਬਾਦ ਨਗਰ ਨਿਗਮ ‘ਚ 51.81 ਫੀਸਦੀ ਵੋਟਿੰਗ ਦਰਜ ਕੀਤੀ।
Read More: ਅਨਿਲ ਅੰਬਾਨੀ ਦੀ ਮਨੀ ਲਾਂਡਰਿੰਗ ਮਾਮਲੇ ‘ਚ ₹3,034 ਕਰੋੜ ਦੀਆਂ ਜਾਇਦਾਦਾਂ ਜ਼ਬਤ




