ਚੰਡੀਗੜ੍ਹ, 25 ਮਾਰਚ 2026: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ (Mukh Mantri Sehat Yojna) ਇਹ ਯਕੀਨੀ ਬਣਾਉਂਦੀ ਹੈ ਕਿ ਵਿੱਤੀ ਜਾਂ ਪ੍ਰਬੰਧਕੀ ਅੜਚਨਾਂ ਕਾਰਨ ਇਲਾਜ ‘ਚ ਦੇਰੀ ਨਾ ਹੋਵੇ | ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ‘ਚ 1 ਸਾਲ ਦੀ ਬੱਚੀ ਖਵਾਇਸ਼ ਨੂੰ ਨਿਮੋਨੀਆ ਹੋਣ ਕਾਰਨ ਦਾਖ਼ਲ ਕਰਵਾਇਆ ਸੀ, ਜਿਸ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਸੀ। ਪਹਿਲਾਂ ਅਜਿਹੇ ਕਈ ਮਾਮਲਿਆਂ ‘ਚ ਪਰਿਵਾਰਾਂ ਨੂੰ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਫੰਡਾਂ ਦਾ ਪ੍ਰਬੰਧ ਕਰਨਾ, ਦਸਤਾਵੇਜ਼ ਪੂਰੇ ਕਰਨੇ ਜਾਂ ਮਨਜ਼ੂਰੀਆਂ ਦੀ ਉਡੀਕ ਕਰਨੀ ਪੈਂਦੀ ਸੀ। ਹਾਲਾਂਕਿ, ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਇਹ ਪਾੜਾ ਖ਼ਤਮ ਕਰ ਦਿੱਤਾ ਹੈ।
ਸਿਹਤ ਕਾਰਡ ਪਹਿਲਾਂ ਹੀ ਬਣਿਆ ਹੋਣ ਕਾਰਨ ਦੀਪ ਹਸਪਤਾਲ ‘ਚ ਡਾ. ਮੋਨਿਕਾ ਗਰਗ ਦੀ ਨਿਗਰਾਨੀ ਹੇਠ ਬਿਨਾਂ ਕਿਸੇ ਅਗਾਊਂ ਅਦਾਇਗੀ ਦੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਪਰਿਵਾਰ ਨੂੰ ਪੈਸਿਆਂ ਦਾ ਪ੍ਰਬੰਧ ਨਹੀਂ ਕਰਨਾ ਪਿਆ ਅਤੇ ਨਾ ਹੀ ਵੈਰੀਫਿਕੇਸ਼ਨ ਦੇ ਪੜਾਵਾਂ ‘ਚੋਂ ਗੁਜ਼ਰਨਾ ਪਿਆ, ਜਿਸ ਨਾਲ ਡਾਕਟਰਾਂ ਨੂੰ ਨਾਜ਼ੁਕ ਸਮੇਂ ’ਤੇ ਇਲਾਜ ਸ਼ੁਰੂ ਕਰਨ ‘ਚ ਮੱਦਦ ਮਿਲੀ। ਛੋਟੇ ਬੱਚਿਆਂ ਦੇ ਮਾਮਲਿਆਂ ‘ਚ ਥੋੜ੍ਹੀ ਜਿਹੀ ਦੇਰੀ ਵੀ ਪੇਚੀਦਗੀਆਂ ਪੈਦਾ ਕਰ ਸਕਦੀ ਹੈ, ਪਰ ਇਲਾਜ ਤੱਕ ਤੁਰੰਤ ਪਹੁੰਚ ਨੇ ਇਹ ਯਕੀਨੀ ਬਣਾਇਆ ਕਿ ਬੱਚੀ ਨੂੰ ਸਮੇਂ ਸਿਰ ਦੇਖਭਾਲ ਮਿਲੀ ਅਤੇ ਉਹ ਸੁਰੱਖਿਅਤ ਰੂਪ ;ਚ ਤੰਦਰੁਸਤ ਹੋ ਗਈ।
ਇਸੇ ਤਰ੍ਹਾਂ ਦੇ ਮਾਮਲੇ ਸੰਗਰੂਰ ਅਤੇ ਮਾਨਸਾ ਵਰਗੇ ਜ਼ਿਲ੍ਹਿਆਂ ਤੋਂ ਵੀ ਸਾਹਮਣੇ ਆਏ, ਜਿੱਥੇ ਘੱਟ ਭਾਰ ਅਤੇ ਹੋਰ ਗੰਭੀਰ ਸਥਿਤੀਆਂ ਦੇ ਇਲਾਜ ਸਮੇਤ ਵਿਸ਼ੇਸ਼ ਦੇਖਭਾਲ ਦੀ ਲੋੜ ਵਾਲੇ ਨਵਜੰਮੇ ਬੱਚਿਆਂ ਨੂੰ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ, ਯੋਜਨਾ ਤਹਿਤ ਡਾਕਟਰੀ ਸਹਾਇਤਾ ਮਿਲ ਰਹੀ ਹੈ। ਅਜਿਹੇ ਮਾਮਲਿਆਂ ਦੀ ਵਧਦੀ ਗਿਣਤੀ ਦਰਸਾਉਂਦੀ ਹੈ ਕਿ ਪੂਰੇ ਪੰਜਾਬ ‘ਚ ਪਰਿਵਾਰਾਂ ਲਈ ਇਲਾਜ ਤੱਕ ਪਹੁੰਚ ਕਿੰਨੀ ਤੇਜ਼ ਅਤੇ ਸੁਖਾਲੀ ਹੋ ਰਹੀ ਹੈ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੁੱਖ ਮੰਤਰੀ ਸਿਹਤ ਯੋਜਨਾ ਇਹ ਯਕੀਨੀ ਬਣਾਉਂਦੀ ਹੈ ਕਿ ਵਿੱਤੀ ਜਾਂ ਪ੍ਰਬੰਧਕੀ ਅੜਚਨਾਂ ਕਾਰਨ ਇਲਾਜ ‘ਚ ਦੇਰੀ ਨਾ ਹੋਵੇ।
ਇਹ ਯੋਜਨਾ ਪ੍ਰਤੀ ਪਰਿਵਾਰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਸਿਹਤ ਬੀਮਾ ਪ੍ਰਦਾਨ ਕਰਦੀ ਹੈ, ਜਿਸ ਨਾਲ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ‘ਚ ਇਲਾਜ ਕਰਵਾਇਆ ਜਾ ਸਕਦਾ ਹੈ। ਹੁਣ ਤੱਕ 26 ਲੱਖ ਤੋਂ ਵੱਧ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਮਰੀਜ਼ 900 ਤੋਂ ਵੱਧ ਸੂਚੀਬੱਧ ਹਸਪਤਾਲਾਂ ‘ਚ 2300 ਤੋਂ ਵੱਧ ਮੈਡੀਕਲ ਪੈਕੇਜਾਂ ਦੀ ਸਹਾਇਤਾ ਨਾਲ ਇਲਾਜ ਕਰਵਾ ਰਹੇ ਹਨ।
Read More: ਹਰਿਆਣਾ ‘ਚ 3 ਲੱਖ ਕੁੜੀਆਂ ਨੂੰ ਮੁਫ਼ਤ ਲੱਗੇਗਾ ਹਿਊਮਨ ਪੈਪੀਲੋਮਾਵਾਇਰਸ ਟੀਕਾ




