ਸੰਸਦ

ਸੰਸਦ ਮੈਂਬਰ ਚਿੰਤਤ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਸਾਂਝੀ ਕਰਨ : ਐਸ ਜੈਸ਼ੰਕਰ

ਚੰਡੀਗੜ੍ਹ 01 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਦੁਨੀਆ ਭਰ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਯੂਕਰੇਨ ‘ਚ ਭਾਰਤ ਦੇ ਲਗਭਗ ਹਰ ਰਾਜ ਦੇ ਵਿਦਿਆਰਥੀ ਫਸੇ ਹੋਏ ਹਨ। ਜਿਸਦੇ ਚੱਲਦੇ ਯੂਕਰੇਨ ‘ਚ ਫਸੇ ਲੋਕਾਂ ਦੇ ਪਰਿਵਾਰ ਭਾਰਤ ‘ਚ ਚਿੰਤਤ ਹਨ। ਇਸ ਦੌਰਾਨ ਵਿਦਿਆਰਥੀਆਂ ਦੇ ਪਰਿਵਾਰ ਵਾਲੇ ਆਪਣੇ ਇਲਾਕੇ ਦੇ ਸੰਸਦ ਮੈਂਬਰਾਂ ਨੂੰ ਫੋਨ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਦੀ ਬੇਨਤੀ ਕਰ ਰਹੇ ਹਨ। ਜਿਸ ਬਾਰੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਇਸ ਸਬੰਧੀ ਆਪਣੇ ਦਫ਼ਤਰ ਨਾਲ ਸੰਪਰਕ ਕਰਨ ਅਤੇ ਯੂਕਰੇਨ ‘ਚ ਫਸੇ ਭਾਰਤੀਆਂ ਦੇ ਪਰਿਵਾਰਾਂ ਦੀ ਚਿੰਤਾ ਸਬੰਧੀ ਜਾਣਕਾਰੀ ਸਾਂਝੀ ਕਰਨ।

ਕੇਂਦਰੀ ਮੰਤਰੀ ਐਸ ਜੈਸ਼ੰਕਰ ਨੇ ਸੰਸਦ ਮੈਂਬਰਾਂ ਨੂੰ ਆਪਣੇ ਪੱਤਰ ‘ਚ ਲਿਖਿਆ ਹੈ ਕਿ ਸਾਰਿਆਂ ਨੂੰ ਭਰੋਸਾ ਦਿੱਤਾ ਜਾਵੇ, ਹਰ ਕਿਸੇ ਦੀ ਜਾਣਕਾਰੀ ਅਤੇ ਪੁੱਛਗਿੱਛ ਦਾ ਧਿਆਨ ਰੱਖਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੀ ਟੀਮ ਸਾਰਿਆਂ ਨਾਲ ਸੰਪਰਕ ਕਰ ਰਹੀ ਹੈ। ਉਸਨੇ ਇੱਕ ਈ-ਮੇਲ ਆਈਡੀ ਅਤੇ ਵਟਸਐਪ ਨੰਬਰ ਵੀ ਸਾਂਝਾ ਕੀਤਾ ਹੈ ਜਿਸ ‘ਤੇ ਸਾਰੇ ਸੰਸਦ ਮੈਂਬਰ ਸੰਬੰਧਿਤ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਸਾਂਝੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਸਰਕਾਰ ਨੇ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਹੈ। ਐੱਸ ਜੈਸ਼ੰਕਰ ਨੇ ਦੱਸਿਆ ਕਿ ਉੱਥੇ ਫਸੇ ਜ਼ਿਆਦਾਤਰ ਲੋਕ ਉਹ ਵਿਦਿਆਰਥੀ ਹਨ ਜੋ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਏ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੋਮਵਾਰ ਨੂੰ ਭਾਰਤ ਸਰਕਾਰ ਨੇ ਯੂਕਰੇਨ ਦੀ ਸਰਹੱਦ ‘ਤੇ ਸਥਿਤ ਉਨ੍ਹਾਂ ਦੇਸ਼ਾਂ ‘ਚ ਚਾਰ ਮੰਤਰੀਆਂ ਨੂੰ ਭੇਜਣ ਦਾ ਫੈਸਲਾ ਕੀਤਾ ਹੈ, ਤਾਂ ਜੋ ਉਨ੍ਹਾਂ ਦੇਸ਼ਾਂ ਨਾਲ ਗੱਲਬਾਤ ਕਰਕੇ ਉਥੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ।

ਐਸ ਜੈਸ਼ੰਕਰ ਨੇ ਆਪਣੇ ਪੱਤਰ ‘ਚ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਜਨਤਾ ਲਈ ਇੱਕ ਹੈਲਪਲਾਈਨ ਸਥਾਪਤ ਕੀਤੀ ਹੈ, ਜਿਸ ‘ਤੇ ਯੂਕਰੇਨ ਵਿੱਚ ਫਸੇ ਲੋਕਾਂ ਦੇ ਪਰਿਵਾਰ ਆਪਣੀਆਂ ਚਿੰਤਾਵਾਂ ਅਤੇ ਸ਼ਿਕਾਇਤਾਂ ਦੱਸ ਸਕਦੇ ਹਨ। ਉਸ ਨੇ ਪੱਤਰ ‘ਚ ਹੈਲਪਲਾਈਨ ਦਾ ਵਟਸਐਪ ਨੰਬਰ ਅਤੇ ਈ-ਮੇਲ ਆਈਡੀ ਵੀ ਸਾਂਝੀ ਕੀਤੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਹ ਵੀ ਦੱਸਿਆ ਕਿ ਰੋਮਾਨੀਆ, ਪੋਲੈਂਡ, ਹੰਗਰੀ ਅਤੇ ਸਲੋਵਾਕੀਆ ਵਿੱਚ ਸਥਿਤ ਭਾਰਤੀ ਦੂਤਾਵਾਸਾਂ ‘ਚ ਯੂਕਰੇਨ ਛੱਡਣ ਲਈ ਇਨ੍ਹਾਂ ਦੇਸ਼ਾਂ ਵਿੱਚ ਆਉਣ ਵਾਲੇ ਲੋਕਾਂ ਲਈ ਵੱਖਰੀ ਹੈਲਪਲਾਈਨ ਵੀ ਸਥਾਪਿਤ ਕੀਤੀ ਗਈ ਹੈ।

Scroll to Top