ਪੰਜਾਬ, 25 ਫਰਵਰੀ 2026: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ ਆਲੋਚਨਾ ਕੀਤੀ ਹੈ | ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਪਹਿਲੀ ਬੈਠਕ ‘ਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ‘ਅੱਤਵਾਦੀ’ ਐਲਾਨਿਆ ਜਾਵੇਗਾ।
ਬਲਤੇਜ ਪੰਨੂ ਨੇ ਅੱਜ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸੁਖਬੀਰ ਬਾਦਲ ਸ਼ਾਇਦ ਇਸ ਭੁਲੇਖੇ ‘ਚ ਹਨ ਕਿ ਪੰਜਾਬ ਦੇ ਲੋਕ 2007 ਤੋਂ 2017 ਦੇ ਕਾਲੇ ਦੌਰ ਨੂੰ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਦੀ ਧਰਤੀ ‘ਤੇ ਨਸ਼ਿਆਂ (ਚਿੱਟੇ) ਅਤੇ ਗੈਂਗਸਟਰਵਾਦ ਦੇ ਬੀਜ ਅਕਾਲੀ-ਭਾਜਪਾ ਸਰਕਾਰ ਦੌਰਾਨ ਹੀ ਬੀਜੇ ਸਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਹੀ ਇਹ ਵਧੇ-ਫੁੱਲੇ।
ਬਲਤੇਜ ਪੰਨੂ ਨੇ ਦਾ ਕਹਿਣਾ ਹੈ ਕਿ 2007 ਤੋਂ ਪਹਿਲਾਂ ਪੰਜਾਬ ਨੇ ਕਦੇ ‘ਗੈਂਗਸਟਰ’ ਸ਼ਬਦ ਨਹੀਂ ਸੁਣਿਆ ਸੀ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਸੁਖਬੀਰ ਬਾਦਲ ਦੇ ਰਾਜ ‘ਚ ਹੀ ਅਪਰਾਧੀਆਂ ਨੂੰ ਸਿਆਸੀ ਸਰਪ੍ਰਸਤੀ ਮਿਲੀ। ਅੰਮ੍ਰਿਤਸਰ ‘ਚ ਆਪਣੀ ਧੀ ਦੀ ਇੱਜ਼ਤ ਬਚਾਉਂਦੇ ਹੋਏ ਜਦੋਂ ਇੱਕ ਏ.ਐਸ.ਆਈ ਦਾ ਕਤਲ ਕੀਤਾ ਗਿਆ, ਤਾਂ ਅਕਾਲੀ ਦਲ ਨਾਲ ਸਬੰਧਤ ਲੋਕਾਂ ਨੇ ਸ਼ਰ੍ਹੇਆਮ ਭੰਗੜਾ ਪਾਇਆ ਸੀ। ਬਲਤੇਜ ਪੰਨੂ ਨੇ ਸਵਾਲ ਕੀਤਾ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਕਿਸ ਦੇ ਸਮੇਂ ਹੋਇਆ? ਫਰੀਦਕੋਟ ‘ਚ ਸ਼ਰ੍ਹੇਆਮ ਨਾਬਾਲਗ ਲੜਕੀ ਨੂੰ ਅਗਵਾ ਕਿਸ ਨੇ ਕੀਤਾ? ਇਹ ਸਭ ਅਕਾਲੀ ਦਲ ਦੇ ਗੁੰਡਾਰਾਜ ਦੀਆਂ ਨਿਸ਼ਾਨੀਆਂ ਹਨ। ਜਿਹੜੇ ਅਪਰਾਧੀ ਉਸ ਸਮੇਂ ਮਹਿੰਗੀਆਂ ਗੱਡੀਆਂ ‘ਤੇ ਹੂਟਰ ਅਤੇ ਸਪੀਕਰ ਲਗਾ ਕੇ ਬੇਖੌਫ਼ ਘੁੰਮਦੇ ਸਨ, ਉਹੀ ਅੱਗੇ ਚੱਲ ਕੇ ਗੈਂਗਸਟਰ ਬਣੇ।
ਬਲਤੇਜ ਪੰਨੂ ਦਾ ਕਹਿਣਾ ਹੈ ਕਿ 2007 ਤੋਂ 2012 ਦੇ ਵਿਚਕਾਰ ਪੰਜਾਬ ‘ਚ ਨਸ਼ਿਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਅਤੇ 2012 ‘ਚ ਸਰਕਾਰ ਰਿਪੀਟ ਹੋਣ ਤੋਂ ਬਾਅਦ ਚਿੱਟਾ ਆਪਣੇ ਸਿਖਰ ‘ਤੇ ਪਹੁੰਚ ਗਿਆ। ਪੰਜਾਬ ਦੀ ਇੱਕ ਪੂਰੀ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ‘ਚ ਧੱਕਣ ਦਾ ਪਾਪ ਸੁਖਬੀਰ ਬਾਦਲ ਦੇ ਸਿਰ ਹੈ। ਜਦੋਂ ਪੁਲਿਸ ਚਿੱਟਾ ਤਸਕਰਾਂ ਨੂੰ ਫੜਦੀ ਸੀ, ਤਾਂ ਅੱਧੇ ਘੰਟੇ ਦੇ ਅੰਦਰ ਹੀ ਅਕਾਲੀ ਆਗੂਆਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਸਨ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਮੰਤਰੀਆਂ ਦੀਆਂ ਸਿਫ਼ਾਰਸ਼ਾਂ ਆਉਂਦੀਆਂ ਸਨ। ਅੱਜ ਉਹੀ ਸੁਖਬੀਰ ਬਾਦਲ ਪਹਿਲੀ ਬੈਠਕ ‘ਚ ਕਾਰਵਾਈ ਦੀ ਗੱਲ ਕਰ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਹਾਸੋਹੀਣਾ ਹੈ।
ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅੱਜ ਇਮਾਨਦਾਰੀ ਨਾਲ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਜੰਗ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡ ਪੱਧਰ ਤੱਕ ਕਮੇਟੀਆਂ ਦਾ ਗਠਨ ਕੀਤਾ ਹੈ ਅਤੇ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਅੱਜ ਜਦੋਂ ਪੰਜਾਬ ਸਰਕਾਰ ਇਨ੍ਹਾਂ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰ ਰਹੀ ਹੈ, ਤਾਂ ਸੁਖਬੀਰ ਬਾਦਲ ਨੂੰ ਮੁੜ ਸੱਤਾ ਦੀ ਭੁੱਖ ਸਤਾ ਰਹੀ ਹੈ ਤਾਂ ਜੋ ਉਹ ਦੁਬਾਰਾ ਉਹੀ ਪੁਰਾਣਾ ਨਸ਼ੇ ਦਾ ਸਾਮਰਾਜ ਖੜ੍ਹਾ ਕਰ ਸਕਣ।
ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਦੇ ਲੋਕ ਕਦੇ ਨਹੀਂ ਭੁੱਲ ਸਕਦੇ ਕਿ ਤੁਹਾਡੇ ਰਾਜ ‘ਚ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਜਦੋਂ ਲੋਕ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ, ਤਾਂ ਉਨ੍ਹਾਂ ‘ਤੇ ਗੋਲੀਆਂ ਕਿਸ ਨੇ ਚਲਵਾਈਆਂ? ਕੋਟਕਪੂਰਾ ਗੋਲੀਕਾਂਡ ‘ਚ ਅੱਜ ਸੁਖਬੀਰ ਬਾਦਲ ਖ਼ੁਦ ਜ਼ਮਾਨਤ ‘ਤੇ ਬਾਹਰ ਹਨ। ਇੰਨਾ ਹੀ ਨਹੀਂ, ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਅਤੇ ਖ਼ੁਦ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਅਕਾਲੀ ਪਰਿਵਾਰ ‘ਤੇ ਸਵਾਲ ਉਠਾ ਰਹੇ ਹਨ, ਪਰ ਸੁਖਬੀਰ ਬਾਦਲ ਨੇ ਇਸ ‘ਤੇ ਗਹਿਰੀ ਚੁੱਪ ਧਾਰੀ ਹੋਈ ਹੈ।
ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਅਗਲੀ ਰੈਲੀ ‘ਚ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਕਿ 10 ਸਾਲਾਂ ਦੇ ਰਾਜ ‘ਚ ਉਨ੍ਹਾਂ ਨੇ ਕੀ ਕੀਤਾ? 2007 ਤੋਂ 17 ਦੇ ਵਿਚਕਾਰ ਚਿੱਟਾ ਕਿਵੇਂ ਆਇਆ ਅਤੇ ਸਕੂਟਰ ਠੀਕ ਕਰਨ ਵਾਲੇ ਲੋਕ ਅਰਬਾਂ ਦੇ ਮਾਲਕ ਕਿਵੇਂ ਬਣ ਗਏ? ਪੰਜਾਬ ਦੇ ਲੋਕਾਂ ਦੀ ਯਾਦਦਾਸ਼ਤ ਇੰਨੀ ਕਮਜ਼ੋਰ ਨਹੀਂ ਹੈ ਕਿ ਉਹ ਆਪਣਿਆਂ ਦੇ ਖ਼ੂਨ ਅਤੇ ਬਰਬਾਦ ਹੋਏ ਨੌਜਵਾਨਾਂ ਨੂੰ ਭੁੱਲ ਜਾਣ। ਪਨੂੰ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਮੁਗੇਰੀ ਲਾਲ ਦੇ ਹਸੀਨ ਸੁਪਨੇ ਦੇਖਣਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਪੰਜਾਬ ਹੁਣ ਤੁਹਾਡੀ ਅਸਲੀਅਤ ਪਛਾਣ ਚੁੱਕਾ ਹੈ।
Read More: ਅਕਾਲੀ-ਭਾਜਪਾ ਰਾਜ ਦੌਰਾਨ ਪੰਜਾਬ ‘ਚ ਫੈਲਿਆ ਨਸ਼ਾ, ਹੁਣ ਹਰਿਆਣਾ ‘ਚ ਵੀ ਉਹੀ ਪੈਟਰਨ: ਹਰਪਾਲ ਸਿੰਘ ਚੀਮਾ




