Punjab latest News

ਪੰਜਾਬ ਸਰਕਾਰ ਵੱਲੋਂ ਮੋਹਾਲੀ ‘ਚ ‘ਨੈਕਸਟ ਜੈਨਰੇਸ਼ਨ ਰੋਡ ਰੈਨੋਵੇਸ਼ਨ ਪ੍ਰੋਗਰਾਮ’ ਦੀ ਸ਼ੁਰੂਆਤ

ਚੰਡੀਗੜ੍ਹ, 29 ਜਨਵਰੀ 2026: ਪੰਜਾਬ ਸਰਕਾਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ “ਨੈਕਸਟ ਜੈਨਰੇਸ਼ਨ ਰੋਡ ਰੈਨੋਵੇਸ਼ਨ ਪ੍ਰੋਗਰਾਮ” ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਉਪਰਾਲੇ ਤਹਿਤ ਪੰਜਾਬ ਦੇ ਵੱਡੇ ਸ਼ਹਿਰੀ ਕੇਂਦਰ ਮੋਹਾਲੀ ਦੀਆਂ ਪ੍ਰਮੁੱਖ ਸੜਕਾਂ ਅਤੇ ਮੁੱਖ ਜੰਕਸ਼ਨਾਂ ਦੀ ਤੇਜ਼ੀ ਨਾਲ ਅਪਗ੍ਰੇਡੇਸ਼ਨ ਕੀਤੀ ਜਾਵੇਗੀ |

ਸਰਕਾਰ ਮੁਤਾਬਕ ਇਹ ਪ੍ਰਾਜੈਕਟ 10 ਸਾਲਾਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਟਿਕਾਊ ਸੜਕੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਐਨ.ਐਚ.ਏ.ਆਈ. (NHAI) ਪੈਟਰਨ ਅਤੇ ਹਾਈਬ੍ਰਿਡ ਐਨੂਇਟੀ ਮਾਡਲ (HAM) ਤਹਿਤ ਲਾਗੂ ਕੀਤਾ ਜਾਵੇਗਾ।

ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਪੰਜਾਬ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਲੋਕਾਂ ਲਈ ਬਿਹਤਰ ਸੜਕੀ ਸੰਪਰਕ ਅਤੇ ਸੁਚਾਰੂ ਆਵਾਜਾਈ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਭਰ ‘ਚ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪ੍ਰਮੁੱਖ ਸੂਬੇ ਮਾਰਗਾਂ ਅਤੇ ਪੇਂਡੂ ਸੜਕਾਂ ਨੂੰ ਪਹਿਲਾਂ ਅਪਗ੍ਰੇਡ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਪੰਜਾਬ ਦੇ ਸਭ ਤੋਂ ਮੋਹਾਲੀ ‘ਚ ਸੜਕਾਂ ਦੇ ਵਿਆਪਕ ਅਪਗ੍ਰੇਡੇਸ਼ਨ ਦੇ ਕੰਮ ਸ਼ੁਰੂ ਕੀਤੇ ਹਨ।

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਮੋਹਾਲੀ ਨੂੰ ਵਿਸ਼ਵ ਪੱਧਰੀ ਸ਼ਹਿਰੀ ਬੁਨਿਆਦੀ ਢਾਂਚੇ ‘ਚ ਬਦਲਣ ਲਈ ਵਿਆਪਕ ਵਿਕਾਸ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਸ਼ਹਿਰ ਦੇ ਮਾਸਟਰ ਪਲਾਨ ਮੁਤਾਬਕ ਸ਼ਹਿਰ ਦੇ ਮੁੱਖ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ ਇੱਕ ਸਮਰਪਿਤ “ਨੈਕਸਟ ਜੈਨਰੇਸ਼ਨ ਰੋਡ ਰੈਨੋਵੇਸ਼ਨ ਪ੍ਰੋਗਰਾਮ” ਤਿਆਰ ਕੀਤਾ ਹੈ।

ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰ ਖੇਤਰ ‘ਚ ਆਉਣ ਵਾਲੀਆਂ ਪ੍ਰਮੁੱਖ ਸੜਕਾਂ ਅਤੇ ਜੰਕਸ਼ਨਾਂ ਨੂੰ ਜੰਗੀ ਪੱਧਰ ‘ਤੇ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਸਣੇ ਟ੍ਰੈਫਿਕ ਨਾਲ ਸਬੰਧਤ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇਗਾ।

ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸੜਕਾਂ ਅਤੇ ਮਹੱਤਵਪੂਰਨ ਜੰਕਸ਼ਨਾਂ ਦੇ ਸੁੰਦਰੀਕਰਨ ‘ਤੇ ਖਾਸ ਜ਼ੋਰ ਦਿੱਤਾ ਜਾਵੇਗਾ। ਸੁੰਦਰੀਕਰਨ ਦੇ ਕੰਮਾਂ ‘ਚ ਲੈਂਡਸਕੇਪਿੰਗ, ਆਧੁਨਿਕ ਰੌਸ਼ਨੀ ਪ੍ਰਣਾਲੀਆਂ ਦੀ ਸਥਾਪਨਾ ਅਤੇ ਹਰਿਆਵਲ ‘ਚ ਵਾਧਾ ਕਰਨਾ ਸ਼ਾਮਲ ਹੋਵੇਗਾ |

ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਅਧੀਨ ਸਾਰੇ ਵਿਕਾਸ ਕਾਰਜ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (NHAI) ਦੀ ਤਰਜ਼ ‘ਤੇ ਅਤੇ ਹਾਈਬ੍ਰਿਡ ਐਨੂਇਟੀ ਮੋਡ (ਐਚ.ਏ.ਐਮ.) ਰਾਹੀਂ ਲਾਗੂ ਕੀਤੇ ਜਾਣਗੇ। ਇਸ ਮਾਡਲ ਤਹਿਤ ਜਿਸ ਠੇਕੇਦਾਰ ਨੂੰ ਪ੍ਰਾਜੈਕਟ ਸੌਂਪਿਆ ਜਾਵੇਗਾ, ਉਹ ਇਨ੍ਹਾਂ ਕੰਮਾਂ ਨੂੰ ਮੁਕੰਮਲ ਕਰਨ ਦੇ ਨਾਲ-ਨਾਲ 10 ਸਾਲਾਂ ਦੀ ਮਿਆਦ ਲਈ ਸੜਕਾਂ ਦੀ ਸਾਂਭ-ਸੰਭਾਲ ਲਈ ਵੀ ਜ਼ਿੰਮੇਵਾਰ ਹੋਵੇਗਾ।

ਇਨ੍ਹਾਂ ਪ੍ਰਾਜੈਕਟਾਂ ਦੀ ਵਿੱਤੀ ਪ੍ਰਣਾਲੀ ਬਾਰੇ ਦੱਸਦਿਆ ਕੈਬਨਿਟ ਮੰਤਰੀ ਨੇ ਕਿਹਾ ਕਿ ਭੁਗਤਾਨ 40:60 ਫਾਰਮੂਲੇ ਮੁਤਾਬਕ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦੀ ਲਾਗਤ ਦਾ 40 ਫ਼ੀਸਦ ਸਰਕਾਰ ਵੱਲੋਂ ਉਸਾਰੀ ਦੇ ਪੜਾਅ ਦੌਰਾਨ ਅਦਾ ਕੀਤਾ ਜਾਵੇਗਾ, ਜਦੋਂ ਕਿ ਬਾਕੀ 60 ਫ਼ੀਸਦੀ ਠੇਕੇਦਾਰ ਵੱਲੋਂ ਖਰਚ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਪ੍ਰਾਜੈਕਟ ਮੁਕੰਮਲ ਹੋਣ ਤੋਂ ਬਾਅਦ 10 ਸਾਲਾਂ ਦੀ ਮਿਆਦ ‘ਚ ਠੇਕੇਦਾਰ ਨੂੰ ਸਾਲਾਨਾ ਭੁਗਤਾਨਾਂ ਰਾਹੀਂ ਬਾਕੀ ਰਕਮ ਅਦਾ ਕੀਤੀ ਜਾਵੇਗੀ। ਇਸ ਵਿਧੀ ਰਾਹੀਂ ਠੇਕੇਦਾਰ ਦੀ ਜਵਾਬਦੇਹੀ ਵਧੇਗੀ ਅਤੇ ਉੱਚ-ਗੁਣਵੱਤਾ ਵਾਲੇ ਸੜਕੀ ਬੁਨਿਆਦੀ ਢਾਂਚੇ ਦੇ ਲੰਬੇ ਸਮੇਂ ਤੱਕ ਰੱਖ-ਰਖਾਅ ਨੂੰ ਯਕੀਨੀ ਬਣਾਇਆ ਜਾਵੇਗਾ।

ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੋਹਾਲੀ ਸ਼ਹਿਰ ‘ਚ ਸੜਕਾਂ ਦੀ ਮੁਰੰਮਤ ਦਾ ਕੰਮ ਫਰਵਰੀ ਮਹੀਨੇ ‘ਚ ਸ਼ੁਰੂ ਹੋ ਜਾਵੇਗਾ ਅਤੇ ਇਸੇ ਸਾਲ ਅਕਤੂਬਰ ਤੱਕ ਪੂਰਾ ਹੋਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੀ ਯੋਜਨਾ ਇੱਕ ਸਪੱਸ਼ਟ ਸਮਾਂ-ਸੀਮਾ ਦੇ ਨਾਲ ਬਣਾਈ ਹੈ ਤਾਂ ਜੋ ਸ਼ਹਿਰੀ ਆਵਾਜਾਈ ‘ਚ ਸੁਧਾਰ ਦੇ ਇਸ ਪ੍ਰਾਜੈਕਟ ਦੌਰਾਨ ਜਨਤਾ ਨੂੰ ਜ਼ਿਆਦਾ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਤਹਿਤ ਕਰੀਬ 700 ਕਰੋੜ ਰੁਪਏ ਦਾ ਲਾਗਤ ਨਾਲ ਸੜਕਾਂ ਦਾ ਮਜ਼ਬੂਤੀਕਰਨ ਅਤੇ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ ਅਤੇ ਇਸ ਪਹਿਲਕਦਮੀ ਅਧੀਨ ਮੋਹਾਲੀ ਸ਼ਹਿਰ ‘ਚ ਲਗਭੱਗ 80 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ।

ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਬੰਧਤ ਵਿਭਾਗਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਕਿ ਗੁਣਵੱਤਾ ਦੇ ਮਿਆਰਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਇਹ ਸਾਰੇ ਕੰਮ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰੇ ਕੀਤੇ ਜਾਣ। ਉਨ੍ਹਾਂ ਨਾਲ ਹੀ ਕਿਹਾ ਕਿ ਇਨ੍ਹਾਂ ਕਾਰਜਾਂ ਦੀ ਗੁਣਵੱਤਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Read More: ਪੰਜਾਬ ‘ਚ 6 ਮਹੀਨਿਆਂ ਦੌਰਾਨ 3.70 ਲੱਖ ਤੋਂ ਵੱਧ ਰਜਿਸਟਰੀਆਂ ਕੀਤੀਆਂ: ਹਰਦੀਪ ਸਿੰਘ ਮੁੰਡੀਆਂ

ਵਿਦੇਸ਼

Scroll to Top