ਕੀਨੀਆ, 27 ਜਨਵਰੀ 2026: ਕੀਨੀਆ ਦੀ 22 ਸਾਲਾ ਵਾਤਾਵਰਣ ਕਾਰਕੁਨ ਟਰੂਫੇਨ ਮੁਥੋਨੀ ਨੇ ਗਿਨੀਜ਼ ਵਰਲਡ ਰਿਕਾਰਡ (GWR) ‘ਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਉਨ੍ਹਾਂ ਲਗਾਤਾਰ 72 ਘੰਟੇ ਇੱਕ ਰੁੱਖ ਨੂੰ ਜੱਫੀ ਪਾ ਕੇ ਸਭ ਤੋਂ ਲੰਬੀ ਮੈਰਾਥਨ ਟ੍ਰੀ-ਹੈਗਿੰਗ ਦਾ ਵਿਸ਼ਵ ਰਿਕਾਰਡ ਬਣਾਇਆ।
ਗਿਨੀਜ਼ ਵਰਲਡ ਰਿਕਾਰਡ ਦੇ ਮੁਤਾਬਕ ਟਰੂਫੇਨ ਨੇ 8 ਦਸੰਬਰ ਤੋਂ 11 ਦਸੰਬਰ, 2025 ਦੇ ਵਿਚਾਲੇ ਇਹ ਉਪਲਬੱਧੀ ਹਾਸਲ ਕੀਤੀ। ਉਨ੍ਹਾਂ 11 ਦਸੰਬਰ ਨੂੰ ਦੁਪਹਿਰ 12:25 ਵਜੇ ਨਯੇਰੀ ਗਵਰਨਰ ਆਫਿਸ ਕੰਪਲੈਕਸ ਵਿਖੇ ਆਪਣਾ ਰਿਕਾਰਡ ਪੂਰਾ ਕੀਤਾ।
GWR ਵੈੱਬਸਾਈਟ ਦੇ ਮੁਤਾਬਕ ਟਰੂਫੇਨ ਨੇ ਸਵਦੇਸ਼ੀ ਰੁੱਖਾਂ ਦੀ ਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਕਬਾਇਲੀ ਭਾਈਚਾਰਿਆਂ ਦੇ ਗਿਆਨ ਦਾ ਸਨਮਾਨ ਕਰਨ ਲਈ ਇਸ ਚੁਣੌਤੀ ਨੂੰ ਸਵੀਕਾਰ ਕੀਤਾ। ਉਸਦਾ ਮੰਨਣਾ ਹੈ ਕਿ ਸਵਦੇਸ਼ੀ ਗਿਆਨ ਜਲਵਾਯੂ ਸੰਕਟ ਦਾ ਮੁਕਾਬਲਾ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਗਿੰਨੀਜ਼ ਵਰਲਡ ਰਿਕਾਰਡ ਨੇ ਕਿਹਾ ਕਿ ਇਸ ਰਿਕਾਰਡ ਦਾ ਉਦੇਸ਼ ਲੋਕਾਂ ਨੂੰ ਕੁਦਰਤ ਨਾਲ ਜੋੜਨਾ ਹੈ, ਤਾਂ ਜੋ ਵਾਤਾਵਰਣ ਸੁਰੱਖਿਆ ਸਿਰਫ਼ ਇੱਕ ਜ਼ਿੰਮੇਵਾਰੀ ਨਾ ਬਣ ਜਾਵੇ, ਸਗੋਂ ਇੱਕ ਜਨੂੰਨ ਬਣ ਜਾਵੇ। ਰਿਕਾਰਡ ਦੀ ਪੁਸ਼ਟੀ ਤੋਂ ਬਾਅਦ ਟਰੂਫੇਨ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ, “ਲੋਕਾਂ ਅਤੇ ਗ੍ਰਹਿ ਲਈ।”
ਇਹ ਦੂਜੀ ਵਾਰ ਹੈ ਜਦੋਂ ਟਰੂਫੇਨ ਨੂੰ ਟ੍ਰੀ-ਹੱਗਿੰਗ ਮੈਰਾਥਨ ਲਈ ਮਾਨਤਾ ਪ੍ਰਾਪਤ ਹੋਈ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ 31 ਜਨਵਰੀ ਤੋਂ 2 ਫਰਵਰੀ, 2025 ਦੇ ਵਿਚਾਲੇ ਨੈਰੋਬੀ ‘ਚ 48 ਘੰਟਿਆਂ ਲਈ ਰੁੱਖਾਂ ਨੂੰ ਜੱਫੀ ਪਾ ਕੇ ਇੱਕ ਰਿਕਾਰਡ ਬਣਾਇਆ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਪਿਛਲੇ ਰਿਕਾਰਡ ਨੂੰ 24 ਘੰਟਿਆਂ ਤੋਂ ਵੱਧ ਸਮੇਂ ਤੋਂ ਪਾਰ ਕਰ ਦਿੱਤਾ।
ਪਿਛਲਾ ਰਿਕਾਰਡ ਕਿਸ ਦੇ ਕੋਲ ਸੀ ?
ਇਸ ਤੋਂ ਪਹਿਲਾਂ ਇਹ ਰਿਕਾਰਡ ਘਾਨਾ ਦੇ ਅਬਦੁਲ ਹਕੀਮ ਅਵਾਲ ਦੇ ਕੋਲ ਸੀ, ਜਿਸਨੇ 23 ਮਈ 2024 ਨੂੰ ਕੁਮਾਸੀ ‘ਚ 24 ਘੰਟੇ, 21 ਮਿੰਟ ਅਤੇ 4 ਸਕਿੰਟ ਲਈ ਇੱਕ ਰੁੱਖ ਨੂੰ ਜੱਫੀ ਪਾਈ ਸੀ।
GWR ਦੇ ਮੁਤਾਬਕ ਟਰੂਫੇਨ ਨੇ ਮਾਨਸਿਕ ਅਤੇ ਭਾਵਨਾਤਮਕ ਲਾਭਾਂ ਨੂੰ ਉਜਾਗਰ ਕਰਨ ਦੀ ਚੁਣੌਤੀ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਪੰਜ ਮਹੀਨਿਆਂ ਤੋਂ ਵੱਧ ਸਮੇਂ ਲਈ ਇਸਦੇ ਲਈ ਤਿਆਰੀ ਕੀਤੀ, ਜਿਸ ‘ਚ 42 ਕਿਲੋਮੀਟਰ ਪੈਦਲ ਚੱਲਣਾ ਅਤੇ 12 ਘੰਟੇ ਰੁੱਖਾਂ ਨੂੰ ਜੱਫੀ ਪਾਉਣ ਦਾ ਅਭਿਆਸ ਕਰਨਾ ਸ਼ਾਮਲ ਹੈ।
ਰਿਕਾਰਡ ਦੀ ਘੋਸ਼ਣਾ ਤੋਂ ਬਾਅਦ, ਟਰੂਫੇਨ ਦੇ ਸੋਸ਼ਲ ਮੀਡੀਆ ਅਕਾਊਂਟ ਵਧਾਈਆਂ ਨਾਲ ਭਰ ਜਾਣ ਲੱਗੇ। ਬਹੁਤ ਸਾਰੇ ਲੋਕਾਂ ਨੇ ਇਸਨੂੰ ਵਾਤਾਵਰਣ ਸੁਰੱਖਿਆ ਵੱਲ ਇੱਕ ਪ੍ਰੇਰਨਾਦਾਇਕ ਕਦਮ ਕਿਹਾ।
Read More: ਭਾਰਤ ਤੇ ਈਯੂ ਵਿਚਾਲੇ ਵਪਾਰ ਸਮਝੌਤੇ ‘ਤੇ ਬਣੀ ਸਹਿਮਤੀ: PM ਮੋਦੀ



