ਦਿੱਲੀ, 24 ਜਨਵਰੀ 2026: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਬੰਗਾਲ ‘ਚ ਹਰ ਰੋਜ਼ 3 ਤੋਂ 4 ਜਣੇ SIR ਦੀ ਚਿੰਤਾ ਕਾਰਨ ਖੁਦਕੁਸ਼ੀ ਕਰ ਰਹੇ ਹਨ। ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ 110 ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ, ਅਤੇ 40-45 ਹਸਪਤਾਲਾਂ ‘ਚ ਜ਼ਿੰਦਗੀ ਲਈ ਜੂਝ ਰਹੇ ਹਨ। ਇੰਨੇ ਸਾਲਾਂ ਬਾਅਦ, ਕੀ ਸਾਨੂੰ ਇਹ ਸਾਬਤ ਕਰਨਾ ਪਵੇਗਾ ਕਿ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ? ਮਮਤਾ ਬੈਨਰਜੀ ਨੇ ਕੋਲਕਾਤਾ ਦੇ ਰੈੱਡ ਰੋਡ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ‘ਤੇ ਇੱਕ ਪ੍ਰੋਗਰਾਮ ‘ਚ ਇਹ ਟਿੱਪਣੀਆਂ ਕੀਤੀਆਂ।
ਮਮਤਾ ਬੈਨਰਜੀ ਨੇ ਕਿਹਾ ਕਿ ਦਸੰਬਰ ‘ਚ ਜਾਰੀ ਕੀਤੀ ਗਈ ਡਰਾਫਟ ਵੋਟਰ ਸੂਚੀ ‘ਚੋਂ 58 ਲੱਖ ਤੋਂ ਵੱਧ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਸੂਬੇ ‘ਚ ਕੁੱਲ 7.6 ਕਰੋੜ ਵੋਟਰ ਹਨ, ਜਿਨ੍ਹਾਂ ‘ਚੋਂ 16.6 ਮਿਲੀਅਨ ਵੋਟਰਾਂ ਤੋਂ ਉਨ੍ਹਾਂ ਦੀ ਨਾਗਰਿਕਤਾ ਬਾਰੇ ਸਵਾਲ ਉਠਾਏ ਗਏ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਦੁਬਾਰਾ ਜਾਂਚ ਕਰਨ ਲਈ ਸੁਣਵਾਈ ਦਾ ਨੋਟਿਸ ਭੇਜਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬੰਗਾਲ ‘ਚ ਇੱਕੋ ਉਪਨਾਮ ਦੇ ਵੱਖ-ਵੱਖ ਸਪੈਲਿੰਗ ਆਮ ਹਨ। ਆਪਣੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ, “ਮੇਰਾ ਉਪਨਾਮ ਬੈਨਰਜੀ ਅਤੇ ਬੰਦੋਪਾਧਿਆਏ ਦੋਵੇਂ ਲਿਖਿਆ ਗਿਆ ਹੈ, ਪਰ SIR ਪ੍ਰਕਿਰਿਆ ਨੂੰ ਚਲਾਉਣ ਵਾਲੇ ਇਸਨੂੰ ਸਮਝਦੇ ਵੀ ਨਹੀਂ ਹਨ।” ਮਮਤਾ ਦੇ ਮੁਤਾਬਕ ਇਸੇ ਤਰ੍ਹਾਂ ਦੀਆਂ ਗਲਤੀਆਂ ਕਾਰਨ 1.38 ਕਰੋੜ ਲੋਕਾਂ ਨੂੰ ਨੋਟਿਸ ਭੇਜੇ ਗਏ।
ਮਮਤਾ ਨੇ ਦੋਸ਼ ਲਗਾਇਆ ਕਿ ਬਜ਼ੁਰਗ ਲੋਕਾਂ ਨੂੰ ਵੀ SIR ਸੁਣਵਾਈ ਲਈ ਬੁਲਾਇਆ ਸੀ। ਉਨ੍ਹਾਂ ਨੇ ਸਵਾਲ ਕੀਤਾ ਕਿ ਇਸ ਸਬੰਧ ‘ਚ ਪ੍ਰਸਿੱਧ ਅਰਥਸ਼ਾਸਤਰੀ ਅਮਰਤਿਆ ਸੇਨ ਨੂੰ ਵੀ ਨੋਟਿਸ ਕਿਉਂ ਭੇਜਿਆ ਸੀ।
ਮੁੱਖ ਮੰਤਰੀ ਨੇ ਭਾਜਪਾ ‘ਤੇ ਬੰਗਾਲ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਗਾਂਧੀ, ਰਬਿੰਦਰਨਾਥ ਟੈਗੋਰ, ਨੇਤਾਜੀ ਸੁਭਾਸ਼ ਚੰਦਰ ਬੋਸ, ਡਾ. ਅੰਬੇਡਕਰ ਅਤੇ ਈਸ਼ਵਰ ਚੰਦਰ ਵਿਦਿਆਸਾਗਰ ਵਰਗੀਆਂ ਮਹਾਨ ਹਸਤੀਆਂ ਦਾ ਅਪਮਾਨ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ।
ਇਸ ਦੌਰਾਨ ਚੋਣ ਕਮਿਸ਼ਨ ਨੇ ਸਾਰੇ ਸੂਬਿਆਂ ਨੂੰ ਇੱਕ ਪੱਤਰ ਭੇਜਿਆ ਹੈ ਜਿਸ ‘ਚ ਕਿਹਾ ਗਿਆ ਹੈ ਕਿ ਜੇਕਰ ਕੋਈ ਬੂਥ ਲੈਵਲ ਅਫਸਰ (BLO) ਦੁਰਵਿਵਹਾਰ ਕਰਦਾ ਹੈ, ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ, ਨਿਯਮਾਂ ਦੀ ਉਲੰਘਣਾ ਕਰਦਾ ਹੈ, ਜਾਂ ਚੋਣ ਕੰਮ ‘ਚ ਲਾਪਰਵਾਹੀ ਕਰਦਾ ਹੈ, ਤਾਂ ਉਸਨੂੰ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
Read More: ਭਾਰਤੀ ਚੋਣ ਕਮਿਸ਼ਨ ਵੱਲੋਂ 5 ਸੂਬਿਆਂ ਦੀ SIR ਡਰਾਫਟ ਵੋਟਰ ਸੂਚੀਆਂ ਜਾਰੀ, 1.2 ਕਰੋੜ ਨਾਮ ਹਟਾਏ




