ਭਾਰਤ ਦੇ ਚੋਣ ਕਮਿਸ਼ਨ

ਭਾਰਤ ਦੇ ਚੋਣ ਕਮਿਸ਼ਨ ਵੱਲੋਂ ਡਿਜੀਟਲ ਪਲੇਟਫਾਰਮ ਈਸੀਆਈ-ਨੈੱਟ ਦੀ ਸ਼ੁਰੂਆਤ

ਚੰਡੀਗੜ੍ਹ, 22 ਜਨਵਰੀ 2026: ਭਾਰਤ ਦੇ ਚੋਣ ਕਮਿਸ਼ਨ (Election Commission of India) ਨੇ ਅੱਜ ਲੋਕਤੰਤਰ ਅਤੇ ਚੋਣ ਪ੍ਰਬੰਧਨ ‘ਤੇ ਅੰਤਰਰਾਸ਼ਟਰੀ ਕਾਨਫਰੰਸ 2026 ਵਿਖੇ ਚੋਣਾਂ ਨਾਲ ਸਬੰਧਤ ਸਾਰੀਆਂ ਜਾਣਕਾਰੀਆਂ ਅਤੇ ਸੇਵਾਵਾਂ ਲਈ ਆਪਣਾ ਵਨ-ਸਟਾਪ ਡਿਜੀਟਲ ਪਲੇਟਫਾਰਮ ਈਸੀਆਈ-ਨੈੱਟ ਦੀ ਸ਼ੁਰੂਆਤ ਕੀਤੀ ਹੈ। ਇਹ ਤਿੰਨ ਰੋਜ਼ਾ ਕਾਨਫਰੰਸ 21ਤੋਂ 23 ਜਨਵਰੀ 2026 ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਕਰਵਾਈ ਜਾ ਰਹੀ ਹੈ।

ਇਸ ਈਸੀਆਈ-ਨੈੱਟ ਦਾ ਵਿਚਾਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ (ਈਸੀ) ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਵੱਲੋਂ ਕੀਤਾ ਗਿਆ ਸੀ ਅਤੇ ਇਸਨੂੰ ਡਿਜ਼ਾਈਨ ਕਰਨ ਦਾ ਐਲਾਨ ਮਈ 2025 ‘ਚ ਕੀਤਾ ਗਿਆ।

ਇਸ ਮੌਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੱਸਿਆ ਕਿ ਇਸ ਪਲੇਟਫਾਰਮ ਨੂੰ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਤਿਆਰ ਕੀਤਾ ਹੈ ਅਤੇ ਇਹ 22 ਭਾਸ਼ਾਵਾਂ ਅਤੇ ਅੰਗਰੇਜ਼ੀ ‘ਚ ਉਪਲਬੱਧ ਹੈ। ਉਨ੍ਹਾਂ ਨੇ ਦੁਨੀਆ ਭਰ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ ਨੂੰ ਆਪਣੇ ਦੇਸ਼ਾਂ ਲਈ ਕਾਨੂੰਨਾਂ ਦੀ ਪਾਲਣਾ ਤਹਿਤ ਆਪਣੀਆਂ ਸਬੰਧਤ ਭਾਸ਼ਾਵਾਂ ‘ਚ ਅਜਿਹੇ ਹੀ ਡਿਜੀਟਲ ਪਲੇਟਫਾਰਮ ਵਿਕਸਿਤ ਕਰਨ ਲਈ ਭਾਰਤ ਨਾਲ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ ਹੈ।

ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਨੇ ਕਿਹਾ ਕਿ ਈਸੀਆਈ-ਨੈੱਟ ਚੋਣ ਪ੍ਰਬੰਧਨ ਸੰਸਥਾਵਾਂ ਪ੍ਰਤੀ ਭਰੋਸੇ ਨੂੰ ਕਾਇਮ ਕਰਨ ਲਈ ਇੱਕ ਬਹੁਤ ਵਧੀਆ ਟੂਲ ਹੈ ਕਿਉਂਕਿ ਇਹ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਸਮੁੱਚੇ ਕਾਰਜਾਂ ਦੀ ਨਿਗਰਾਨੀ ਦੇ ਨਾਲ-ਨਾਲ ਛੇਤੀ ਫੈਸਲਾ ਲੈਣ ਅਤੇ ਜਾਣਕਾਰੀ ਦੇ ਪ੍ਰਸਾਰ ਵਿੱਚ ਮਦਦ ਕਰਦਾ ਹੈ। ਚੋਣ ਕਮਿਸ਼ਨਰ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ਇਹ ਕਾਨਫਰੰਸ ਈ.ਐਮ.ਬੀਜ਼ (ਚੋਣ ਪ੍ਰਬੰਧਨ ਸੰਸਥਾਵਾਂ) ਨੂੰ ਤਕਨਾਲੋਜੀ ਅਤੇ ਡਿਜੀਟਲ ਨਵੀਨਤਾਵਾਂ ਨੂੰ ਅਪਣਾਉਣ ਸਬੰਧੀ ਵਿਸ਼ਵਵਿਆਪੀ ਅਭਿਆਸਾਂ ਤੋਂ ਸਿੱਖਣ ਦਾ ਮੌਕਾ ਪ੍ਰਦਾਨ ਕਰੇਗੀ।

ਡਾਇਰੈਕਟਰ ਜਨਰਲ ਸੂਚਨਾ ਤਕਨਾਲੋਜੀ ਡਾ. ਸੀਮਾ ਖੰਨਾ ਨੇ ਆਪਣੀ ਪੇਸ਼ਕਾਰੀ ਦੌਰਾਨ ਕਿਹਾ ਕਿ ਸਾਈਬਰ ਸੁਰੱਖਿਆ ਈਸੀਆਈ-ਨੈੱਟ ਦੇ ਮੁੱਖ ਥੰਮ੍ਹਾਂ ‘ਚੋਂ ਇੱਕ ਹੈ। ਤਕਨਾਲੋਜੀ ਹੁਣ ਮਹਿਜ਼ ਇੱਕ ਸਹਾਇਤਾ ਕਾਰਕ ਨਾ ਰਹੇ ਕੇ ਇੱਕ ਰਣਨੀਤਕ ਸਾਧਨ ਬਣ ਗਈ ਹੈ। ਈਸੀਆਈ-ਨੈੱਟ ਚੋਣਾਂ ਵਿੱਚ ਪਾਰਦਰਸ਼ਤਾ, ਕੁਸ਼ਲਤਾ, ਭਰੋਸੇਯੋਗਤਾ ਅਤੇ ਲੋਕਾਂ ਦੇ ਵਿਸ਼ਵਾਸ ਨੂੰ ਵਧਾਉਣ ਲਈ ਇੱਕ ਅਹਿਮ ਉਪਰਾਲਾ ਹੈ।

ਈਸੀਆਈ-ਨੈੱਟ ਦੁਨੀਆ ਦਾ ਸਭ ਤੋਂ ਵੱਡਾ ਚੋਣ ਸੇਵਾ ਪਲੇਟਫਾਰਮ ਹੈ ਜੋ ਭਾਰਤ ਦੇ ਚੋਣ ਕਮਿਸ਼ਨ ਦੇ 40 ਤੋਂ ਵੱਧ ਐਪਸ ਅਤੇ ਪੋਰਟਲਾਂ ਨੂੰ ਏਕੀਕ੍ਰਿਤ ਕਰਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਸਾਰੀਆਂ ਚੋਣ ਸੇਵਾਵਾਂ ਨੂੰ ਇੱਕ ਸਹਿਜ ਅਨੁਭਵ ‘ਚ ਇੱਕਜੁਟ ਕਰਦਾ ਹੈ। ਇਹ ਪਲੇਟਫਾਰਮ ਭਾਰਤ ਦੇ ਸੰਵਿਧਾਨ, ਲੋਕ ਪ੍ਰਤੀਨਿਧਤਾ ਐਕਟ, 1950 ਅਤੇ 1951, ਵੋਟਰ ਰਜਿਸਟ੍ਰੇਸ਼ਨ ਨਿਯਮ, 1960 ਅਤੇ ਕੰਡਕਟ ਆਫ਼ ਇਲੈਕਸ਼ਨ ਰੂਲਜ਼, 1961 ਦੀ ਸਖ਼ਤੀ ਨਾਲ ਪਾਲਣਾ ਤਹਿਤ ਵਿਕਸਤ ਕੀਤਾ ਹੈ।

ਈਸੀਆਈ-ਨੈੱਟ ਨਾਗਰਿਕਾਂ, ਉਮੀਦਵਾਰਾਂ, ਰਾਜਨੀਤਿਕ ਪਾਰਟੀਆਂ, ਚੋਣ ਅਧਿਕਾਰੀਆਂ ਨੂੰ ਇੱਕ ਥਾਂ ‘ਤੇ ਜੋੜ ਕੇ ਵੋਟਰ ਰਜਿਸਟ੍ਰੇਸ਼ਨ, ਵੋਟਰ ਸੂਚੀ ਸਬੰਧੀ ਸਰਚ, ਅਰਜ਼ੀ ਨੂੰ ਟਰੈਕ ਕਰਨ, ਆਪਣੇ ਉਮੀਦਵਾਰ ਨੂੰ ਜਾਣਨ, ਚੋਣ ਅਧਿਕਾਰੀਆਂ ਨਾਲ ਜੁੜਨ, ਬੀ.ਐਲ.ਓਜ਼ਨ ਨਾਲ ਨਾਲ ਕਾਲ ਦਾ ਸਮਾਂ ਤੈਅ ਕਰਨ, ਈ-ਐਪਿਕ ਦੀ ਡਾਊਨਲੋਡਿੰਗ, ਪੋਲਿੰਗ ਰੁਝਾਨ, ਸ਼ਿਕਾਇਤ ਨਿਵਾਰਣ ਵਰਗੀਆਂ ਮੁੱਖ ਸੇਵਾਵਾਂ ਨੂੰ ਇੱਕ ਸੁਰੱਖਿਅਤ ਪਲੇਟਫਾਰਮ ‘ਤੇ ਉਪਲਬੱਧ ਕਰਵਾਉਂਦਾ ਹੈ।

ਇਸ ਪਲੇਟਫਾਰਮ ਦਾ ਬੀਟਾ ਵਰਜ਼ਨ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਵਿਸ਼ੇਸ਼ ਸੰਖੇਪ ਸੋਧ (ਐਸ.ਆਈ.ਆਰ.) ਦੌਰਾਨ ਸਫ਼ਲਤਾਪੂਰਵਕ ਲਾਂਚ ਕੀਤਾ ਸੀ, ਜਿਸ ਨਾਲ ਚੋਣ ਕਮਿਸ਼ਨ ਨੂੰ ਹੋਰ ਬਿਹਤਰ ਢੰਗ ਨਾਲ ਨਾਗਰਿਕ-ਕੇਂਦਰਿਤ ਚੋਣ ਸੇਵਾਵਾਂ ਪ੍ਰਦਾਨ ਕਰਨ ਅਤੇ ਇੱਕ ਬਟਨ ਦੇ ਕਲਿੱਕ ‘ਤੇ ਚੋਣਾਂ ਨਾਲ ਸਬੰਧਤ ਸਾਰੀ ਜਾਣਕਾਰੀ ਉਪਲਬੱਧ ਕਰਵਾਉਣ ਦੇ ਸਮਰੱਥ ਬਣਾਇਆ ਸੀ। ਇਸਦੇ ਲਾਂਚ ਤੋਂ ਪਹਿਲਾਂ ਪਲੇਟਫਾਰਮ ਨੂੰ ਅੰਤਿਮ ਰੂਪ ਦੇਣ ਸਮੇਂ ਨਾਗਰਿਕਾਂ ਤੋਂ ਸੁਝਾਅ ਵੀ ਮੰਗੇ ਸਨ।

ਬੀਟਾ ਵਰਜ਼ਨ ਦੇ ਰਿਲੀਜ਼ ਤੋਂ ਬਾਅਦ ਈਸੀਆਈ-ਨੈੱਟ ਨੇ ਹੁਣ ਤੱਕ 10 ਕਰੋੜ ਤੋਂ ਵੱਧ ਰਜਿਸਟ੍ਰੇਸ਼ਨ ਫਾਰਮਾਂ ਦਾ ਨਿਬੇੜਾ ਕੀਤਾ ਹੈ, ਜੋ ਔਸਤਨ 2.7 ਲੱਖ ਫਾਰਮ ਪ੍ਰਤੀ ਦਿਨ ਬਣਦਾ ਹੈ। ਇਸ ਪਲੇਟਫਾਰਮ ‘ਤੇ 11 ਲੱਖ ਤੋਂ ਵੱਧ ਬੂਥ ਲੈਵਲ ਅਫਸਰ (BLO) ਰਜਿਸਟਰਡ ਹਨ। ਐਸ.ਆਈ.ਆਰ. ਦੀ ਪ੍ਰਕਿਰਿਆ ਦੌਰਾਨ ਹੁਣ ਤੱਕ ਇਸ ਪਲੇਟਫਾਰਮ ਰਾਹੀਂ 150 ਕਰੋੜ ਤੋਂ ਵੱਧ ਦਸਤਾਵੇਜਾਂ ਨੂੰ ਡਿਜੀਟਾਈਜ਼ ਕੀਤਾ ਹੈ। ਈਸੀਆਈ-ਨੈੱਟ ਜ਼ਮੀਨੀ ਪੱਧਰ ‘ਤੇ ਕਰਮਚਾਰੀਆਂ ਦੀ ਨਿਗਰਾਨੀ ਲਈ ਇੱਕ ਸਹਿਜ ਵਿਧੀ ਵੀ ਪ੍ਰਦਾਨ ਕਰਦਾ ਹੈ।

Read More: ਪੱਛਮੀ ਬੰਗਾਲ ‘ਚ ਚੋਣ ਡਿਊਟੀ ‘ਚ ਲੱਗੇ ਕਰਮਚਾਰੀ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ: ਚੋਣ ਕਮਿਸ਼ਨ

ਵਿਦੇਸ਼

Scroll to Top