ਚੰਡੀਗੜ੍ਹ, 21 ਜਨਵਰੀ 2026: ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਬੁੱਧਵਾਰ ਨੂੰ ਪੰਜਾਬ ਭਵਨ ਵਿਖੇ ਇੱਕ ਮੀਡੀਆ ਕਾਨਫਰੰਸ ਦੌਰਾਨ ਪਲੇਅ-ਵੇਅ ਸਕੂਲਾਂ ਲਈ ਇੱਕ ਔਨਲਾਈਨ ਰਜਿਸਟ੍ਰੇਸ਼ਨ ਪੋਰਟਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਡਾ. ਬਲਜੀਤ ਕੌਰ ਨੇ ਕਿਹਾ, “ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਪੰਜਾਬ ‘ਚ ਚੱਲ ਰਹੇ ਸਾਰੇ ਪਲੇਅ-ਵੇਅ ਸਕੂਲਾਂ ਅਤੇ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਾਲੇ ਨਿੱਜੀ ਸਕੂਲਾਂ ਲਈ ਲਾਜ਼ਮੀ ਹੋਵੇਗੀ।
ਕੈਬਿਨਟ ਮੰਤਰੀ ਨੇ ਦੱਸਿਆ ਕਿ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੱਕ ਸਮਾਨ ਪਾਠਕ੍ਰਮ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਆਂਗਣਵਾੜੀ ਕੇਂਦਰਾਂ, ਪਲੇਅ-ਵੇਅ ਸਕੂਲਾਂ ਅਤੇ ਪ੍ਰਾਇਮਰੀ ਸਕੂਲਾਂ ‘ਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ ਫਰਵਰੀ ਦੇ ਅੱਧ ਤੱਕ ਪੂਰੀ ਹੋ ਜਾਵੇਗੀ।
ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ, “ਬੱਚੇ ਦੇ ਦਿਮਾਗੀ ਵਿਕਾਸ ਦਾ ਲਗਭੱਗ 90 ਪ੍ਰਤੀਸ਼ਤ ਜ਼ੀਰੋ ਤੋਂ ਛੇ ਸਾਲ ਦੀ ਉਮਰ ਦੇ ਵਿਚਕਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ “ਬੱਚਿਆਂ ਨੂੰ ਡਿਜੀਟਲ ਸਮੱਗਰੀ ਸਾਂਝੀ ਕਰਕੇ ਘਰ ‘ਚ ਆਪਣੇ ਮਾਪਿਆਂ ਨਾਲ ਸਿੱਖਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਹੁਣ ਤੱਕ, ਬੱਚਿਆਂ ਦੇ ਬੋਧਾਤਮਕ ਵਿਕਾਸ ‘ਚ ਮਾਪਿਆਂ ਦੀ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਲਈ ਇਸ ਮਿਸ਼ਨ ਤਹਿਤ 2,941 ਪੇਰੈਂਟ ਸਮੂਹ ਬਣਾਏ ਹਨ। ਮਾਪਿਆਂ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ ‘ਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵੀ ਭੇਜੀਆਂ ਜਾ ਰਹੀਆਂ ਹਨ |
ਮੰਤਰੀ ਨੇ ਕਿਹਾ, “1,000 ਨਵੇਂ ਆਂਗਣਵਾੜੀ ਕੇਂਦਰ ਬਣਾਉਣ ਦੇ ਟੀਚੇ ਦੇ ਹਿੱਸੇ ਵਜੋਂ, ₹100 ਕਰੋੜ ਦੀ ਲਾਗਤ ਨਾਲ 1,000 ਆਧੁਨਿਕ ਆਂਗਣਵਾੜੀ ਕੇਂਦਰ ਵਿਕਸਤ ਕੀਤੇ ਜਾ ਰਹੇ ਹਨ, ਜਿਸ ‘ਚ ਹਰੇਕ ਕੇਂਦਰ ਦੀ ਲਾਗਤ ਲਗਭਗ ₹10 ਲੱਖ ਹੈ। ਇਹਨਾਂ ‘ਚੋਂ, 700 ਕੇਂਦਰ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ, ਜੋ ਹਵਾਦਾਰ ਕਮਰੇ, ਢੁਕਵੀਂ ਰਸੋਈ, ਕਰੈਚ ਟਾਇਲਟ, ਬਾਲਾ ਪੇਂਟਿੰਗ ਅਤੇ ਆਧੁਨਿਕ ਫਰਨੀਚਰ ਨਾਲ ਲੈਸ ਹਨ। ਬਾਕੀ 300 ਕੇਂਦਰ ਛੇਤੀ ਹੀ ਪੂਰੇ ਹੋ ਜਾਣਗੇ।”
Read More: ਪੰਜਾਬ ਸਰਕਾਰ ਵੱਲੋਂ ਮਾਨਸਾ ਵਿਖੇ ‘ਸਤਿਕਾਰ ਘਰ’ ਦਾ ਉਦਘਾਟਨ, 72 ਬਜ਼ੁਰਗਾਂ ਦੇ ਠਹਿਰਨ ਦੀ ਸਮਰੱਥਾ




