ਚੰਡੀਗੜ੍ਹ, 21 ਜਨਵਰੀ 2026: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕਾਨੂੰਨੀ ਮੈਟਰੋਲੌਜੀ ਵਿੰਗ ਦੀ ਕਾਰਗੁਜ਼ਾਰੀ ‘ਚ ਸਾਲ 2024-25 ਦੇ ਮੁਕਾਬਲੇ ਅਪ੍ਰੈਲ ਤੋਂ ਦਸੰਬਰ 2025 ਤੱਕ ਉਗਰਾਹੀ ਗਈ ਕੰਪਾਊਂਡਿੰਗ ਫੀਸ, ਨਿਰੀਖਣ ਅਤੇ ਕੀਤੀਆਂ ਤਸਦੀਕਾਂ ਆਦਿ ਵਰਗੇ ਕਈ ਮਾਪਦੰਡਾਂ ਦੇ ਆਧਾਰ ’ਤੇ ਵਾਧਾ ਦਰਜ ਕੀਤਾ ਹੈ।
ਸਰਕਾਰੀ ਬੁਲਾਰੇ ਮੁਤਾਬਕ ਲੀਗਲ ਮੈਟਰੋਲੌਜੀ ਵਿੰਗ ਨੇ 2025-26 ‘ਚ 1.40 ਕਰੋੜ ਰੁਪਏ ਦੀਆਂ ਕੰਪਾਊਂਡਿੰਗ ਫੀਸਾਂ ਇਕੱਠੀਆਂ ਕੀਤੀਆਂ, ਜਦੋਂ ਕਿ ਸਾਲ 2024-25 ‘ਚ ਇਸੇ ਮਿਆਦ ਦੌਰਾਨ ਵਿੰਗ ਨੇ 1 ਕਰੋੜ ਰੁਪਏ ਤੋਂ ਥੋੜ੍ਹੀ ਵੱਧ ਰਾਸ਼ੀ ਇਕੱਠੀ ਕੀਤੀ ਸੀ। ਇਸ ਤਰ੍ਹਾਂ ਵਿੰਗ ਨੇ 2025-26 ‘ਚ 22133 ਨਿਰੀਖਣ ਕੀਤੇ ਜਦੋਂ ਕਿ 2024-25 ਦੌਰਾਨ ਨਿਰੀਖਣਾਂ ਦਾ ਅੰਕੜਾ 18419 ਸੀ। ਇਸ ਤੋਂ ਇਲਾਵਾ 2025-26 ‘ਚ ਵਿੰਗ ਨੇ 2230 ਚਲਾਨ ਕੀਤੇ ਜਦਕਿ 2024-25 ਦੌਰਾਨ ਕੱਟੇ ਗਏ ਕੁੱਲ ਚਲਾਨਾਂ ਦੀ ਗਿਣਤੀ 1397 ਸੀ ।
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਹੈ | ਜ਼ਿਕਰਯੋਗ ਹੈ ਕਿ ਵਿੰਗ ਕੋਲ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਵਿਭਾਗ ਦੀ ਮਾਲਕੀ ਵਾਲੀਆਂ ਮਿਆਰੀ ਲੈਬਾਰੇਟਰੀਆਂ ਹਨ, ਜਦੋਂ ਕਿ ਸਰਹਿੰਦ ਅਤੇ ਖੰਨਾ ਵਿਖੇ ਨਵੀਆਂ ਲੈਬਾਰੇਟਰੀਆਂ ਬਣਾਉਣ ਦੀ ਯੋਜਨਾ ਹੈ ।
Read More: ਪੰਜਾਬ ਸਰਕਾਰ ਵੱਲੋਂ ਮਾਨਸਾ ਵਿਖੇ ‘ਸਤਿਕਾਰ ਘਰ’ ਦਾ ਉਦਘਾਟਨ, 72 ਬਜ਼ੁਰਗਾਂ ਦੇ ਠਹਿਰਨ ਦੀ ਸਮਰੱਥਾ




