ਚੰਡੀਗੜ੍ਹ, 18 ਜਨਵਰੀ 2026: ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਭਰ ‘ਚ ਚਲਾਈ ਜਾ ਰਹੀ ਇੱਕ ਵਿਸ਼ੇਸ਼ ਮੁਹਿੰਮ ਦੌਰਾਨ, ਪਿਛਲੇ ਦੋ ਦਿਨਾਂ ਦੌਰਾਨ ਸਾਰੇ ਜ਼ਿਲ੍ਹਿਆਂ ‘ਚ ਹੌਟਸਪੌਟਸ ‘ਤੇ ਮਾਰੇ ਛਾਪਿਆਂ ਦੌਰਾਨ ਕੁੱਲ 31 ਬੱਚਿਆਂ ਨੂੰ ਬਾਲ ਭੀਖ ਮੰਗਣ ਤੋਂ ਬਚਾਇਆ ਗਿਆ। ਬਾਲ ਭਲਾਈ ਕਮੇਟੀ ਵੱਲੋਂ ਦਸਤਾਵੇਜ਼ ਤਸਦੀਕ ਤੋਂ ਬਾਅਦ ਇਨ੍ਹਾਂ ‘ਚੋਂ ਚਾਰ ਬੱਚਿਆਂ ਨੂੰ ਮੌਕੇ ‘ਤੇ ਉਨ੍ਹਾਂ ਦੇ ਮਾਪਿਆਂ ਕੋਲ ਵਾਪਸ ਕਰ ਦਿੱਤਾ ਗਿਆ, ਜਦੋਂ ਕਿ 27 ਬੱਚਿਆਂ ਨੂੰ ਅਸਥਾਈ ਤੌਰ ‘ਤੇ ਬਾਲ ਘਰਾਂ ‘ਚ ਭੇਜ ਦਿੱਤਾ ਗਿਆ ਹੈ |
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪ੍ਰੋਜੈਕਟ ਜੀਵਨਜਯੋਤ 2.0 ਤਹਿਤ ਹੁਣ ਤੱਕ ਕੁੱਲ 1,023 ਬੱਚਿਆਂ ਨੂੰ ਬਾਲ ਭੀਖ ਮੰਗਣ ਤੋਂ ਬਚਾਇਆ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 38 ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਦਾ ਲਾਭ ਦਿੱਤਾ ਗਿਆ ਹੈ, 349 ਨੂੰ ਸਕੂਲਾਂ ‘ਚ ਦਾਖਲ ਕਰਵਾਇਆ ਗਿਆ ਹੈ, 9 ਨੂੰ ਆਂਗਣਵਾੜੀ ਕੇਂਦਰਾਂ ਨਾਲ ਜੋੜਿਆ ਗਿਆ ਹੈ ਅਤੇ 13 ਨੂੰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਅਨਾਥ ਆਸ਼ਰਮਾਂ ‘ਚ ਰਹਿ ਰਹੇ ਬੱਚਿਆਂ ਨੂੰ ਸਨਮਾਨਜਨਕ ਅਤੇ ਸੁਰੱਖਿਅਤ ਭਵਿੱਖ ਪ੍ਰਾਪਤ ਕਰਨ ‘ਚ ਮਦਦ ਕਰਨ ਲਈ ਸਿੱਖਿਆ, ਪੋਸ਼ਣ, ਸਿਹਤ ਸੰਭਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਡਾ. ਬਲਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਜੋ ਵੀ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਦਾ ਪਾਇਆ ਗਿਆ, ਉਸ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਦਾਨ ਦੇਣ ਤੋਂ ਗੁਰੇਜ਼ ਕਰਨ ਅਤੇ ਸੜਕਾਂ ‘ਤੇ ਭੀਖ ਮੰਗਦੇ ਕਿਸੇ ਵੀ ਬੱਚੇ ਦੀ ਤੁਰੰਤ ਰਿਪੋਰਟ ਚਾਈਲਡ ਹੈਲਪਲਾਈਨ ਨੰਬਰ 1098, ਆਪਣੇ ਜ਼ਿਲ੍ਹੇ ਦੀ ਬਾਲ ਭਲਾਈ ਕਮੇਟੀ ਜਾਂ ਸਬੰਧਤ ਅਧਿਕਾਰੀਆਂ ਨੂੰ ਕਰਨ, ਤਾਂ ਜੋ ਹਰੇਕ ਬੱਚੇ ਦਾ ਸੁਰੱਖਿਅਤ ਅਤੇ ਸਨਮਾਨਜਨਕ ਭਵਿੱਖ ਯਕੀਨੀ ਬਣਾਇਆ ਜਾ ਸਕੇ।
Read More: ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ 26.06 ਕਰੋੜ ਦੀ ਵਿੱਤੀ ਸਹਾਇਤਾ ਦਿੱਤੀ :ਡਾ.ਬਲਜੀਤ ਕੌਰ




