Punjab bus terminals

ਪਟਿਆਲਾ ਤੇ ਲੁਧਿਆਣਾ ਸਮੇਤ ਇਨ੍ਹਾਂ ਬੱਸ ਟਰਮੀਨਲਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ

ਚੰਡੀਗੜ੍ਹ, 17 ਜਨਵਰੀ 2026: ਪੰਜਾਬ ਸਰਕਾਰ ਨੇ ਸੂਬੇ ਭਰ ਦੇ ਪ੍ਰਮੁੱਖ ਬੱਸ ਟਰਮੀਨਲਾਂ ਦੇ ਆਧੁਨਿਕੀਕਰਨ ਲਈ ਇੱਕ ਵਿਆਪਕ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ | ਇਸ ਸਬੰਧੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲੁਧਿਆਣਾ, ਸੰਗਰੂਰ, ਪਟਿਆਲਾ, ਜਲੰਧਰ ਅਤੇ ਬਠਿੰਡਾ ‘ਚ ਬੱਸ ਟਰਮੀਨਲਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਭਾਈਵਾਲੀ ਰਾਹੀਂ ਅਪਗ੍ਰੇਡ ਕੀਤਾ ਜਾਵੇਗਾ।

ਇਹ ਬੱਸ ਟਰਮੀਨਲ ਪੇਂਡੂ ਅਤੇ ਸ਼ਹਿਰੀ ਆਬਾਦੀ ਦੋਵਾਂ ਲਈ ਅਹਿਮ ਆਵਾਜਾਈ ਕੇਂਦਰ ਵਜੋਂ ਕੰਮ ਕਰਦੇ ਹਨ ਅਤੇ ਕਾਮਿਆਂ, ਵਿਦਿਆਰਥੀਆਂ, ਵਪਾਰੀਆਂ, ਸੈਲਾਨੀਆਂ ਅਤੇ ਉਦਯੋਗਿਕ ਮਜ਼ਦੂਰਾਂ ਨੂੰ ਰੋਜ਼ਾਨਾ ਆਉਣ-ਜਾਣ ਦੀ ਸਹੂਲਤ ਮਿਲਦੀ ਹੈ | ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਇਹ ਟਰਮੀਨਲ ਅੰਤਰ-ਰਾਜੀ ਸੰਪਰਕ ‘ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਸਮੇਤ ਗੁਆਂਢੀ ਸੂਬਿਆਂ ‘ਚ ਆਉਣ-ਜਾਣ ਦੀ ਸਹੂਲਤ ਦਿੰਦੇ ਹਨ।

ਟਰਾਂਸਪੋਰਟ ਮੰਤਰੀ ਮੁਤਾਬਕ ਲੁਧਿਆਣਾ ਅਤੇ ਜਲੰਧਰ ਬੱਸ ਟਰਮੀਨਲ ‘ਤੇ ਰੋਜ਼ਾਨਾ 75,000 ਤੋਂ ਇੱਕ ਲੱਖ ਯਾਤਰੀਆਂ ਯਾਤਰਾ ਕਰਦੇ ਹਨ, ਜਦੋਂ ਕਿ ਪਟਿਆਲਾ ਅਤੇ ਬਠਿੰਡਾ ‘ਚ ਰੋਜ਼ਾਨਾ ਕਰੀਬ 50,000 ਯਾਤਰੀ ਆਉਂਦੇ ਹਨ | ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੱਛਮ ‘ਚ ਬਠਿੰਡਾ ਤੋਂ ਦੋਆਬਾ ਖੇਤਰ ‘ਚ ਜਲੰਧਰ ਤੱਕ, ਲੁਧਿਆਣਾ ਤੋਂ ਸੰਗਰੂਰ ਅਤੇ ਮਾਲਵਾ ‘ਚ ਪਟਿਆਲਾ ਤੱਕ, ਅਸੀਂ ਬੱਸ ਟਰਮੀਨਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ | ਜਿੱਥੇ ਪਹਿਲਾਂ ਹੀ ਵੱਡੀ ਗਿਣਤੀ ‘ਚ ਪੰਜਾਬ ਦੇ ਨਾਗਰਿਕ ਰੋਜ਼ਾਨਾ ਸਫ਼ਰ ਕਰਦੇ ਹਨ।

ਪੀਪੀਪੀ ਮਾਡਲ ਰਾਹੀਂ ਇਨ੍ਹਾਂ ਪੰਜ ਟਰਮੀਨਲਾਂ ਨੂੰ ਲੋਕਾਂ ਦੇ ਰੋਜ਼ਾਨਾ ਸਫ਼ਰ ਨੂੰ ਪ੍ਰਭਾਵਿਤ ਕੀਤੇ ਬਿਨਾਂ ਸੁਰੱਖਿਅਤ ਥਾਵਾਂ, ਬਿਹਤਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟਾਂ ਨੂੰ ਡਿਜ਼ਾਈਨ-ਬਿਲਡ-ਫਾਈਨਾਂਸ-ਓਪਰੇਟ-ਟ੍ਰਾਂਸਫਰ ਜਾਂ ਬਿਲਡ-ਓਪਰੇਟ-ਟ੍ਰਾਂਸਫਰ ਮਾਡਲਾਂ ਦੀ ਵਰਤੋਂ ਕਰਕੇ ਲਾਗੂ ਕੀਤਾ ਜਾਵੇਗਾ ਅਤੇ ਸਥਿਰਤਾ, ਗੁਣਵੱਤਾ ਵਾਲੀਆਂ ਸੇਵਾਵਾਂ, ਬਿਹਤਰ ਆਵਾਜਾਈ ਸਹੂਲਤਾਂ ਅਤੇ ਸ਼ਹਿਰੀ ਆਵਾਜਾਈ ਪ੍ਰਣਾਲੀਆਂ ਨਾਲ ਬਿਹਤਰ ਏਕੀਕਰਨ ਦੇ ਨਾਲ ਨਾਲ ਸੂਬੇ ਲਈ ਵਿੱਤੀ ਸਰੋਤਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ।

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਯੋਜਨਾਬੱਧ ਢੰਗ ਨਾਲ ਨਵੀਨੀਕਰਨ ਦੇ ਹਿੱਸੇ ਵਜੋਂ, ਬਿਹਤਰ ਉਡੀਕ ਖੇਤਰ, ਅੱਪਗ੍ਰੇਡ ਕੀਤੀਆਂ ਸੈਨੀਟੇਸ਼ਨ ਸਹੂਲਤਾਂ, ਬਿਹਤਰ ਰੋਸ਼ਨੀ ਅਤੇ ਸੰਕੇਤ, ਸੰਗਠਿਤ ਬੋਰਡਿੰਗ ਪ੍ਰਬੰਧ ਅਤੇ ਢਾਂਚਾਗਤ ਪਾਰਕਿੰਗ ਪ੍ਰਣਾਲੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਕਤ ਪ੍ਰੋਜੈਕਟ ‘ਚ ਸਾਰੇ ਵਰਗਾਂ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖਿਆ ਜਾਵੇਗਾ। ਬਜ਼ੁਰਗ ਨਾਗਰਿਕਾਂ ਅਤੇ ਦਿਵੀਆਂਗ ਵਿਅਕਤੀਆਂ ਲਈ ਨਿਰਵਿਘਨ ਪਹੁੰਚ ਅਤੇ ਆਵਾਜਾਈ ਦੀ ਸੌਖ ਲਈ ਪ੍ਰਬੰਧ ਸ਼ਾਮਲ ਕੀਤੇ ਜਾਣਗੇ |

ਹੋਰ ਜਾਣਕਾਰੀ ਦਿੰਦਿਆਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਲਾਗੂ ਨਿਯਮਾਂ ਅਤੇ ਯੋਜਨਾਬੰਦੀ ਸਬੰਧੀ ਨਿਯਮਾਂ ਅਧੀਨ, ਟਰਮੀਨਲ ਕੰਪਲੈਕਸ ‘ਚ ਵਪਾਰਕ ਅਤੇ ਹੋਰ ਜਨਤਕ ਸਹੂਲਤਾਂ ਜਿਵੇਂ ਕਿ ਪ੍ਰਚੂਨ ਦੀਆਂ ਦੁਕਾਨਾਂ, ਦਫਤਰਾਂ, ਕੰਮਕਾਜੀ ਸਥਾਨਾਂ ਅਤੇ ਲੌਜਿਸਟਿਕਸ ਸਹਾਇਤਾ ਸਬੰਧੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

Read More: ਪੰਜਾਬ ਨੂੰ ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ 2024 ‘ਚ ‘ਲੀਡਰ ਸਟੇਟ’ ਵਜੋਂ ਮਾਨਤਾ

ਵਿਦੇਸ਼

Scroll to Top