ਜੰਮੂ ਅਤੇ ਕਸ਼ਮੀਰ, 15 ਜਨਵਰੀ 2026: ਜੰਮੂ ਅਤੇ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ (ਜੇਕੇਐਸਏ) ਨੇ ਈਰਾਨ ‘ਚ ਫਸੇ ਕਰੀਬ 2,000 ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰ ਭਾਰਤੀ ਨਾਗਰਿਕਾਂ ਦੀਆਂ ਵਧਦੀਆਂ ਸੁਰੱਖਿਆ ਚਿੰਤਾਵਾਂ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਤੁਰੰਤ ਇਸ ਮਾਮਲੇ ‘ਚ ਦਖਲ ਦੇਣ ਅਤੇ ਭਾਰਤੀ ਵਿਦਿਆਰਥੀਆਂ ਸਮੇਤ ਸਾਰੇ ਨਾਗਰਿਕਾਂ ਨੂੰ ਕੱਢਣ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।
ਐਸੋਸੀਏਸ਼ਨ ਨੇ ਕਿਹਾ ਕਿ ਤਹਿਰਾਨ ‘ਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਸਵੈ-ਸੰਗਠਿਤ ਤਰੀਕੇ ਨਾਲ ਛੇਤੀ ਤੋਂ ਛੇਤੀ ਈਰਾਨ ਛੱਡਣ ਦੀ ਸਲਾਹ ਦਿੱਤੀ ਹੈ, ਪਰ ਅਜੇ ਤੱਕ ਕੋਈ ਰਸਮੀ ਜਾਂ ਤਾਲਮੇਲ ਵਾਲੀ ਨਿਕਾਸੀ ਯੋਜਨਾ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜੇਕੇਐਸਏ ਦੇ ਰਾਸ਼ਟਰੀ ਕਨਵੀਨਰ ਨਾਸਿਰ ਖੁਈਹਾਮੀ ਨੇ ਇੱਕ ਬਿਆਨ ‘ਚ ਕਿਹਾ ਕਿ ਈਰਾਨ ‘ਚ ਤੇਜ਼ੀ ਨਾਲ ਵਿਗੜਦੀ ਸੁਰੱਖਿਆ ਸਥਿਤੀ ਨੇ ਕਸ਼ਮੀਰ ‘ਚ ਵਿਆਪਕ ਡਰ, ਅਨਿਸ਼ਚਿਤਤਾ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ। ਕਰੀਬ 2,000 ਕਸ਼ਮੀਰੀ ਵਿਦਿਆਰਥੀ, ਮੁੱਖ ਤੌਰ ‘ਤੇ ਮੈਡੀਕਲ ਕੋਰਸ ਕਰ ਰਹੇ ਹਨ, ਇਸ ਸਮੇਂ ਈਰਾਨ ‘ਚ ਹਨ।
ਐਸੋਸੀਏਸ਼ਨ ਨੇ ਕਿਹਾ ਕਿ ਵਿਦਿਆਰਥੀਆਂ ਤੋਂ ਅਸਥਿਰ ਅਤੇ ਅਸ਼ਾਂਤ ਮਾਹੌਲ ‘ਚ ਆਪਣੇ ਖੁਦ ਦੇ ਨਿਕਾਸੀ ਦਾ ਪ੍ਰਬੰਧ ਕਰਨ ਦੀ ਉਮੀਦ ਕਰਨਾ ਨਾ ਤਾਂ ਸੁਰੱਖਿਅਤ ਹੈ ਅਤੇ ਨਾ ਹੀ ਵਿਵਹਾਰਕ ਹੈ। ਇੱਕ ਸੰਗਠਿਤ ਨਿਕਾਸੀ ਵਿਧੀ ਦੀ ਅਣਹੋਂਦ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੀਆਂ ਸਮਰੱਥਾਵਾਂ ‘ਤੇ ਪੂਰਾ ਭਰੋਸਾ ਪ੍ਰਗਟ ਕਰਦੇ ਹੋਏ, ਜੇਕੇਐਸਏ ਨੇ ਵਿਦੇਸ਼ਾਂ ‘ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਹਾਲਾਂਕਿ, ਮੌਜੂਦਾ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਤੁਰੰਤ, ਸਰਗਰਮ ਅਤੇ ਤਾਲਮੇਲ ਵਾਲੇ ਕੂਟਨੀਤਕ ਦਖਲਅੰਦਾਜ਼ੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ |
ਐਸੋਸੀਏਸ਼ਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇੱਕ ਸਪੱਸ਼ਟ ਨਿਕਾਸੀ ਢਾਂਚਾ, ਇੱਕ ਸਮਰਪਿਤ ਐਮਰਜੈਂਸੀ ਹੈਲਪਲਾਈਨ ਅਤੇ ਸੁਰੱਖਿਅਤ ਆਵਾਜਾਈ ਰੂਟ ਸਥਾਪਤ ਕਰੇ ਤਾਂ ਜੋ ਭਾਰਤੀ ਵਿਦਿਆਰਥੀ ਸੁਰੱਖਿਅਤ ਢੰਗ ਨਾਲ ਘਰ ਵਾਪਸ ਆ ਸਕਣ। ਈਰਾਨ ‘ਚ ਚੱਲ ਰਹੇ ਵਿਆਪਕ ਵਿਰੋਧ ਪ੍ਰਦਰਸ਼ਨਾਂ ਅਤੇ ਅਸ਼ਾਂਤੀ ਦੇ ਵਿਚਕਾਰ, ਭਾਰਤੀ ਦੂਤਾਵਾਸ ਨੇ 14 ਜਨਵਰੀ, 2026 ਨੂੰ ਇੱਕ ਨਵੀਂ ਐਡਵਾਜ਼ਿਰੀ ਜਾਰੀ ਕੀਤੀ, ਜਿਸ ‘ਚ ਸਾਰੇ ਭਾਰਤੀ ਨਾਗਰਿਕਾਂ (ਵਿਦਿਆਰਥੀ, ਸ਼ਰਧਾਲੂ, ਕਾਰੋਬਾਰੀ ਅਤੇ ਸੈਲਾਨੀ) ਨੂੰ ਆਵਾਜਾਈ ਦੇ ਉਪਲਬੱਧ ਸਾਧਨਾਂ ਦੀ ਵਰਤੋਂ ਕਰਕੇ ਛੇਤੀ ਤੋਂ ਛੇਤੀ ਦੇਸ਼ ਛੱਡਣ ਦੀ ਸਲਾਹ ਦਿੱਤੀ |
ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਨੂੰ ਈਰਾਨ ਵਿੱਚ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਦਖਲ ਦੇਣ ਦੀ ਅਪੀਲ ਕੀਤੀ। ਇਹ ਮੰਗ ਈਰਾਨ ‘ਚ ਪੜ੍ਹ ਰਹੇ ਕਈ ਕਸ਼ਮੀਰੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਉੱਥੋਂ ਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕਰਨ ਅਤੇ ਕੇਂਦਰ ਨੂੰ ਉਨ੍ਹਾਂ ਦੇ ਬੱਚਿਆਂ ਦੀ ਵਾਪਸੀ ‘ਚ ਮੱਦਦ ਕਰਨ ਦੀ ਅਪੀਲ ਕਰਨ ਤੋਂ ਇੱਕ ਦਿਨ ਬਾਅਦ ਆਈ ਹੈ।
Read More: ਭਾਰਤ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਛੇਤੀ ਈਰਾਨ ਛੱਡਣ ਦੀ ਸਲਾਹ




