ਗੁਜਰਾਤ, 11 ਜਨਵਰੀ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਸੋਮਨਾਥ ਦੇ ਸ਼ੰਖ ਸਰਕਲ ਵਿਖੇ ਸ਼ੌਰਿਆ ਯਾਤਰਾ ‘ਚ ਸ਼ਾਮਲ ਹੋਏ ਹਨ। ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਡਮਰੂ ਵਜਾਇਆ, ਇਹ ਯਾਤਰਾ ਇੱਕ ਕਿਲੋਮੀਟਰ ਲੰਬੀ ਹੋਵੇਗੀ। ਫਿਰ ਉਹ ਸਵੇਰੇ 10:30 ਵਜੇ ਸੋਮਨਾਥ ਮੰਦਰ ‘ਚ ਪੂਜਾ ਕਰਨਗੇ। ਪੂਜਾ ਤੋਂ ਬਾਅਦ, ਉਹ ਸਵੇਰੇ 11 ਵਜੇ ਸਦਭਾਵਨਾ ਮੈਦਾਨ ‘ਚ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਸ਼ਾਮ ਨੂੰ ਸੋਮਨਾਥ ਪਹੁੰਚੇ। 1026 ‘ਚ ਸੋਮਨਾਥ ਮੰਦਰ ‘ਤੇ ਹੋਏ ਪਹਿਲੇ ਹਮਲੇ ਦੀ ਹਜ਼ਾਰਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਇੱਥੇ “ਸੋਮਨਾਥ ਸਵਾਭੀਮਾਨ ਪਰਵ” ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਨਾਮ ਖੁਦ ਪ੍ਰਧਾਨ ਮੰਤਰੀ ਨੇ “ਸੋਮਨਾਥ ਸਵਾਭੀਮਾਨ ਪਰਵ” ਰੱਖਿਆ ਸੀ।
ਇਹ 8 ਜਨਵਰੀ ਤੋਂ 11 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ। ਸੋਮਨਾਥ ਦੀ ਆਪਣੀ ਯਾਤਰਾ ਦੇ ਪਹਿਲੇ ਦਿਨ, ਪ੍ਰਧਾਨ ਮੰਤਰੀ ਨੇ ਇੱਕ ਰੋਡ ਸ਼ੋਅ ਕੀਤਾ। ਉਨ੍ਹਾਂ ਨੇ ਸੋਮਨਾਥ ਮੰਦਰ ‘ਚ ਪ੍ਰਾਰਥਨਾ ਕੀਤੀ, ਓਮ ਮੰਤਰ ਦੇ ਸਮੂਹਿਕ ਜਾਪ ‘ਚ ਹਿੱਸਾ ਲਿਆ ਅਤੇ ਇੱਕ ਡਰੋਨ ਸ਼ੋਅ ਦੇਖਿਆ।
ਸ਼ੌਰਿਆ ਯਾਤਰਾ, ਜਿਸ ‘ਚ ਪ੍ਰਧਾਨ ਮੰਤਰੀ ਮੋਦੀ ਹਿੱਸਾ ਲੈਣਗੇ ‘ਚ 108 ਘੋੜੇ ਵੀ ਹੋਣਗੇ। ਸ਼ੌਰਿਆ ਯਾਤਰਾ ਸੋਮਨਾਥ ਮੰਦਰ ਦੀ ਰੱਖਿਆ ‘ਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਈ ਗਈ ਹੈ। ਇਹ ਯਾਤਰਾ ਸੋਮਨਾਥ ਦੇ ਸਦਭਾਵਨਾ ਮੈਦਾਨ ‘ਚ ਸਮਾਪਤ ਹੋਵੇਗੀ।
ਪ੍ਰਧਾਨ ਮੰਤਰੀ ਮੋਦੀ 10 ਤੋਂ 12 ਜਨਵਰੀ ਤੱਕ ਗੁਜਰਾਤ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਸੋਮਨਾਥ ਤੋਂ ਬਾਅਦ, ਮੋਦੀ ਹੈਲੀਕਾਪਟਰ ਰਾਹੀਂ ਰਾਜਕੋਟ ਜਾਣਗੇ। ਇੱਥੇ, ਉਹ ਦੁਪਹਿਰ 1:35 ਵਜੇ ਮਾਰਵਾੜੀ ਯੂਨੀਵਰਸਿਟੀ ਵਿਖੇ ਵਪਾਰ ਮੇਲੇ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।
ਇਸ ਤੋਂ ਬਾਅਦ ਉਹ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ (ਕੱਛ ਅਤੇ ਸੌਰਾਸ਼ਟਰ) ਦਾ ਉਦਘਾਟਨ ਕਰਨਗੇ। ਰਾਜਕੋਟ ਤੋਂ ਬਾਅਦ, ਪ੍ਰਧਾਨ ਮੰਤਰੀ ਗਾਂਧੀਨਗਰ ਪਹੁੰਚਣਗੇ। ਇੱਥੇ, ਉਹ ਸ਼ਾਮ 5:15 ਵਜੇ ਮਹਾਤਮਾ ਮੰਦਰ ਮੈਟਰੋ ਸਟੇਸ਼ਨ ਪਹੁੰਚਣਗੇ ਅਤੇ ਅਹਿਮਦਾਬਾਦ ਮੈਟਰੋ ਪ੍ਰੋਜੈਕਟ ਦੇ ਪੜਾਅ-2 ਦੇ ਆਖਰੀ ਭਾਗ ਦਾ ਉਦਘਾਟਨ ਕਰਨਗੇ।
Read More: History of Somnath Temple: ਸੋਮਨਾਥ ਮੰਦਰ ਦਾ ਇਤਿਹਾਸ, ਮਹਿਮੂਦ ਗਜ਼ਨਵੀ ਨੇ ਕਿਉਂ ਕੀਤਾ ਸੀ ਹਮਲਾ




