ਲੁਧਿਆਣਾ, 09 ਜਨਵਰੀ 2026: Ludhiana News: ਲੁਧਿਆਣਾ ‘ਚ ਇੱਕ ਵੱਡਾ ਸ਼ਰਾਬ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਸਪੈਸ਼ਲ ਸੈੱਲ ਦੀ ਇੱਕ ਟੀਮ ਨੇ ਗੈਸ ਸਿਲੰਡਰਾਂ ‘ਚ ਲੁਕਾ ਕੇ ਸ਼ਰਾਬ ਲਿਜਾਣ ਵਾਲੇ ਤਸਕਰਾਂ ਨੂੰ ਫੜਿਆ ਹੈ। ਪੁਲਿਸ ਨੇ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ ਦੀ ਅਗਵਾਈ ਹੇਠ 8 ਜਨਵਰੀ, 2026 ਨੂੰ ਲਾਡੋਵਾਲ ਥਾਣਾ ਖੇਤਰ ‘ਚ ਨਾਕਾਬੰਦੀ ਦੌਰਾਨ ਇੱਕ ਕੈਂਟਰ (ਨੰਬਰ GJ 39 T 1951) ਨੂੰ ਰੋਕਿਆ ਸੀ। ਜਾਂਚ ਦੌਰਾਨ ਵੱਡੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਅਤੇ ਹੋਰ ਸਮੱਗਰੀ, ਬਿਨਾਂ ਦਸਤਾਵੇਜ਼ਾਂ ਦੇ, ਬਰਾਮਦ ਕੀਤੀ। ਪੁਲਿਸ ਟੀਮ ਨੇ ਮੈਕਡੌਵੇਲ ਦੇ ਨੰਬਰ 1 ਓਰੀਜਨਲ ਵਿਸਕੀ ਦੇ 74 ਡੱਬੇ, ਪੰਜਾਬ ਚੀਅਰਸ XXX ਰਮ ਦੇ 31 ਡੱਬੇ, ਪੰਜਾਬ ਚੀਅਰਸ XXX ਰਮ ਪਾਊਚ ਦੇ 17 ਡੱਬੇ, 180 ਲੀਟਰ ਬਿਨਾਂ ਬ੍ਰਾਂਡ ਵਾਲੀ ਸ਼ਰਾਬ ਅਤੇ ਛੇ ਵੱਡੇ ਇੰਡੇਨ ਗੈਸ ਸਿਲੰਡਰ ਬਰਾਮਦ ਕੀਤੇ।
ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਪ੍ਰਕਾਸ਼ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਜਾਤੋ ਕਾ ਵੇਹੜਾ ਜ਼ਿਲ੍ਹਾ ਬਾੜਮੇਰ (ਰਾਜਸਥਾਨ) ਦਾ ਰਹਿਣ ਵਾਲਾ ਹੈ। ਉਸ ਵਿਰੁੱਧ ਲਾਡੋਵਾਲ ਪੁਲਿਸ ਸਟੇਸ਼ਨ, ਲੁਧਿਆਣਾ ਵਿਖੇ ਆਬਕਾਰੀ ਐਕਟ ਦੀ ਧਾਰਾ 61, 78(1), ਅਤੇ 14 ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕੀਤਾ ਅਤੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ।
ਪੁਲਿਸ ਇਸ ਗੈਰ-ਕਾਨੂੰਨੀ ਨੈੱਟਵਰਕ ‘ਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਵਿਆਪਕ ਪੁੱਛਗਿੱਛ ਕਰ ਰਹੀ ਹੈ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਰੁੱਧ ਆਬਕਾਰੀ ਐਕਟ ਤਹਿਤ ਪਹਿਲਾਂ ਚਾਰ ਮਾਮਲੇ ਦਰਜ ਹਨ, ਜਿਨ੍ਹਾਂ ‘ਚੋਂ ਦੋ ਰਾਜਸਥਾਨ ‘ਚ ਅਤੇ ਦੋ ਗੁਜਰਾਤ ‘ਚ ਹਨ।
Read More: Ludhiana News: ਲੁਧਿਆਣਾ ‘ਚ ਦਿਨ-ਦਿਹਾੜੇ ਨੌਜਵਾਨ ਦਾ ਗੋ.ਲੀ.ਆਂ ਮਾਰ ਕੇ ਕ.ਤ.ਲ




