ਸਪੋਰਟਸ, 09 ਜਨਵਰੀ 2026: ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ਪੰਜ ਦਿਨਾਂ ‘ਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੂੰ ਆਪਣਾ ਦੂਜਾ ਪੱਤਰ ਭੇਜਿਆ ਹੈ, ਜਿਸ ‘ਚ ਬੇਨਤੀ ਕੀਤੀ ਹੈ ਕਿ ਉਸਦੇ ਟੀ-20 ਵਿਸ਼ਵ ਕੱਪ ਮੈਚਾਂ ਨੂੰ ਭਾਰਤ ਦੀ ਬਜਾਏ ਸ਼੍ਰੀਲੰਕਾ ‘ਚ ਤਬਦੀਲ ਕੀਤਾ ਜਾਵੇ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਸੁਰੱਖਿਆ ਚਿੰਤਾਵਾਂ ਦਾ ਕਾਰਨ ਦੱਸਿਆ। ਇਸ ਤੋਂ ਪਹਿਲਾਂ, 4 ਜਨਵਰੀ ਨੂੰ ਬੋਰਡ ਪਹਿਲਾਂ ਆਈ.ਸੀ.ਸੀ. ਨੂੰ ਵਿਸ਼ਵ ਕੱਪ ਮੈਚਾਂ ਨੂੰ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ।
ਟੀ-20 ਵਿਸ਼ਵ ਕੱਪ 7 ਫਰਵਰੀ ਨੂੰ ਸ਼ੁਰੂ ਹੋਣ ਵਾਲਾ ਹੈ, ਬੰਗਲਾਦੇਸ਼ ਨੂੰ ਗਰੁੱਪ ਲੀਗ ‘ਚ ਚਾਰ ਮੈਚ ਖੇਡਣੇ ਹਨ, ਜਿਨ੍ਹਾਂ ‘ਚੋਂ ਤਿੰਨ ਕੋਲਕਾਤਾ ‘ਚ ਅਤੇ ਇੱਕ ਮੁੰਬਈ ‘ਚ ਹੈ। ਹਾਲਾਂਕਿ, ਬੰਗਲਾਦੇਸ਼ ਦੀ ਟੀਮ ਨੇ ਹੁਣ ਤੱਕ ਭਾਰਤ ਦੀ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਟੂਰਨਾਮੈਂਟ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਉਨ੍ਹਾਂ ਦੀ ਭਾਗੀਦਾਰੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਬੰਗਲਾਦੇਸ਼ ਸਰਕਾਰ ਦਾ ਸਖ਼ਤ ਰੁਖ਼
ਰਿਪੋਰਟਾਂ ਮੁਤਾਬਕ ਪੱਤਰ ਖੇਡ ਮੰਤਰਾਲੇ ਦੇ ਸਲਾਹਕਾਰ ਆਸਿਫ਼ ਨਜ਼ਰੁਲ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਭੇਜਿਆ ਗਿਆ ਸੀ, ਜਿਨ੍ਹਾਂ ਨੇ ਇਸ ਮੁੱਦੇ ‘ਤੇ ਸਖ਼ਤ ਰੁਖ਼ ਅਪਣਾਇਆ ਹੈ। ਨਿਊਜ਼ ਏਜੰਸੀ ਪੀ.ਟੀ.ਆਈ. ਮੁਤਾਬਕ “ਆਈ.ਸੀ.ਸੀ. ਨੇ ਸੁਰੱਖਿਆ ਚਿੰਤਾਵਾਂ ਦਾ ਪੂਰਾ ਵੇਰਵਾ ਮੰਗਿਆ ਸੀ, ਜਿਸਨੂੰ ਬੀ.ਸੀ.ਬੀ. ਨੇ ਵਿਸਥਾਰ ‘ਚ ਸਾਂਝਾ ਕੀਤਾ ਹੈ।” ਹਾਲਾਂਕਿ, ਇਨ੍ਹਾਂ ਚਿੰਤਾਵਾਂ ਦਾ ਜਨਤਕ ਤੌਰ ‘ਤੇ ਖੁਲਾਸਾ ਨਹੀਂ ਕੀਤਾ ਹੈ।
ਪੂਰਾ ਵਿਵਾਦ ਕੀ ਹੈ?
16 ਦਸੰਬਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਆਈਪੀਐਲ ਦੀ ਮਿੰਨੀ-ਨੀਲਾਮੀ ‘ਚ ਬੰਗਲਾਦੇਸ਼ੀ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ₹9.20 ਕਰੋੜ ‘ਚ ਖਰੀਦਿਆ। ਇਸ ਤੋਂ ਬਾਅਦ, ਬੰਗਲਾਦੇਸ਼ ‘ਚ ਹਿੰਦੂਆਂ ਦੇ ਕਤਲੇਆਮ ਕਾਰਨ ਭਾਰਤ ‘ਚ ਮੁਸਤਫਿਜ਼ੁਰ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਉੱਥੇ ਹੁਣ ਤੱਕ ਛੇ ਹਿੰਦੂ ਮਾਰੇ ਜਾ ਚੁੱਕੇ ਹਨ। ਬਾਅਦ ‘ਚ ਬੀਸੀਸੀਆਈ ਨੇ ਮੁਸਤਫਿਜ਼ੁਰ ਨੂੰ ਆਈਪੀਐਲ ‘ਚ ਖੇਡਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕੇਕੇਆਰ ਨੇ ਉਸਨੂੰ 3 ਜਨਵਰੀ ਨੂੰ ਰਿਹਾਅ ਕਰ ਦਿੱਤਾ।
ਮੁਸਤਫਿਜ਼ੁਰ ਨੂੰ ਕੇਕੇਆਰ ਤੋਂ ਰਿਹਾਅ ਕਰਨ ਤੋਂ ਬਾਅਦ, ਬੰਗਲਾਦੇਸ਼ ਕ੍ਰਿਕਟ ਬੋਰਡ ਅਤੇ ਬੰਗਲਾਦੇਸ਼ ਸਰਕਾਰ ਨੇ ਆਈਪੀਐਲ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ। ਉਨ੍ਹਾਂ ਨੇ ਭਾਰਤ ‘ਚ ਵਿਸ਼ਵ ਕੱਪ ਮੈਚ ਖੇਡਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਸਥਾਨ ਬਦਲਣ ਦੀ ਬੇਨਤੀ ਕਰਦੇ ਹੋਏ ਆਈਸੀਸੀ ਨੂੰ ਇੱਕ ਈਮੇਲ ਭੇਜਿਆ।
ਟੀ20 ਵਿਸ਼ਵ ਕੱਪ ‘ਚ ਬੰਗਲਾਦੇਸ਼ ਨੂੰ ਗਰੁੱਪ ਸੀ ‘ਚ ਰੱਖਿਆ ਗਿਆ ਹੈ। ਬੰਗਲਾਦੇਸ਼ ਟੀਮ ਦਾ ਸਾਹਮਣਾ 7 ਫਰਵਰੀ ਨੂੰ ਵੈਸਟਇੰਡੀਜ਼, 9 ਫਰਵਰੀ ਨੂੰ ਇਟਲੀ ਅਤੇ 14 ਫਰਵਰੀ ਨੂੰ ਇੰਗਲੈਂਡ ਨਾਲ ਹੋਣਾ ਹੈ। ਤਿੰਨੋਂ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਖੇਡੇ ਜਾਣਗੇ, ਜਦੋਂ ਕਿ ਟੀਮ ਦਾ ਆਖਰੀ ਗਰੁੱਪ ਪੜਾਅ ਮੈਚ 17 ਫਰਵਰੀ ਨੂੰ ਮੁੰਬਈ ‘ਚ ਨੇਪਾਲ ਦੇ ਖਿਲਾਫ ਹੋਵੇਗਾ।
Read More: WTC Point Table: ਆਸਟ੍ਰੇਲੀਆ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ‘ਚ ਸਿਖਰਲੇ ਸਥਾਨ ‘ਤੇ ਪਕੜ ਮਜ਼ਬੂਤ




