ਪੱਛਮੀ ਬੰਗਾਲ, 09 ਜਨਵਰੀ 2026: ਟੀਐਮਸੀ ਪੱਛਮੀ ਬੰਗਾਲ ‘ਚ ਟੀਐਮਸੀ ਦੇ ਆਈਟੀ ਸੈੱਲ ਮੁਖੀ ਦੇ ਟਿਕਾਣਿਆਂ ‘ਤੇ ਈਡੀ ਦੇ ਛਾਪਿਆਂ ਖ਼ਿਲਾਫ ਦਿੱਲੀ ਤੋਂ ਕੋਲਕਾਤਾ ਤੱਕ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਸ਼ੁੱਕਰਵਾਰ ਸਵੇਰੇ ਦਿੱਲੀ ‘ਚ ਅੱਠ ਪਾਰਟੀ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਕੀਤਾ। ਡੇਰੇਕ ਓ’ਬ੍ਰਾਇਨ, ਮਹੂਆ ਮੋਇਤਰਾ ਅਤੇ ਕੀਰਤੀ ਆਜ਼ਾਦ ਨਾਅਰੇ ਲਗਾਉਂਦੇ ਹੋਏ ਦਿਖਾਈ ਦਿੱਤੇ।
ਸੰਸਦ ਮੈਂਬਰਾਂ ਨੇ ਨਾਅਰੇ ਲਗਾਏ, “ਮੋਦੀ-ਸ਼ਾਹ ਦੀਆਂ ਚਾਲਾਂ ਬੰਗਾਲ ‘ਚ ਨਹੀਂ ਚੱਲਣਗੀਆਂ।” ਦਿੱਲੀ ਪੁਲਿਸ ਨੇ ਸੰਸਦ ਮੈਂਬਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਝੜੱਪ ਹੋਈ ਅਤੇ ਕੁਝ ਡਿੱਗ ਵੀ ਪਏ। ਪੁਲਿਸ ਨੇ ਸਵੇਰੇ 10 ਵਜੇ ਸੰਸਦ ਮੈਂਬਰਾਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਦੁਪਹਿਰ 12 ਵਜੇ ਉਨ੍ਹਾਂ ਨੂੰ ਛੱਡ ਦਿੱਤਾ। ਮਹੂਆ ਨੇ ਕਿਹਾ ਕਿ ਚੁਣੇ ਹੋਏ ਸੰਸਦ ਮੈਂਬਰਾਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ।”
ਇਸ ਦੌਰਾਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੇਂਦਰੀ ਜਾਂਚ ਏਜੰਸੀ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਕਾਰਵਾਈਆਂ ਦੇ ਵਿਰੋਧ ਵਿੱਚ ਦੁਪਹਿਰ 2 ਵਜੇ ਕੋਲਕਾਤਾ ‘ਚ ਮਾਰਚ ਕਰੇਗੀ।
ਭਾਜਪਾ ਦਫ਼ਤਰ ‘ਚ ਇੱਕ ਪ੍ਰੈਸ ਕਾਨਫਰੰਸ ‘ਚ, ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕੱਲ੍ਹ ਬੰਗਾਲ ‘ਚ ਜੋ ਹੋਇਆ ਉਹ ਆਜ਼ਾਦ ਭਾਰਤ ‘ਚ ਪਹਿਲਾਂ ਕਦੇ ਨਹੀਂ ਹੋਇਆ। ਮੁੱਖ ਮੰਤਰੀ ਮਮਤਾ ਬੈਨਰਜੀ ਦੀਆਂ ਸਾਰੀਆਂ ਕਾਰਵਾਈਆਂ ਨਾ ਸਿਰਫ਼ ਅਨੈਤਿਕ, ਗੈਰ-ਜ਼ਿੰਮੇਵਾਰਾਨਾ ਅਤੇ ਗੈਰ-ਸੰਵਿਧਾਨਕ ਹਨ, ਸਗੋਂ ਉਨ੍ਹਾਂ ਨੇ ਪੂਰੀ ਲੋਕਤੰਤਰੀ ਪ੍ਰਕਿਰਿਆ ਨੂੰ ਵੀ ਸ਼ਰਮਸਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਛਾਪਾ ਇੱਕ ਨਿੱਜੀ ਕੰਪਨੀ ਦੇ ਦਫ਼ਤਰ ‘ਤੇ ਕੀਤਾ ਗਿਆ ਸੀ। ਸਾਨੂੰ ਸਮਝ ਨਹੀਂ ਆ ਰਿਹਾ ਕਿ ਮਮਤਾ ਇਸ ਤੋਂ ਇੰਨੀ ਘਬਰਾ ਕਿਉਂ ਰਹੀ ਹੈ। ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਘਪਲਿਆਂ ਦੇ ਭੇਦ ਸਾਹਮਣੇ ਆ ਜਾਣਗੇ। ਪ੍ਰਸਾਦ ਨੇ ਕਿਹਾ ਕਿ ਜਾਂਚ ਨੂੰ ਰੋਕਣਾ ਕਾਨੂੰਨ ਦੀ ਉਲੰਘਣਾ ਹੈ। ਜਨਤਾ ਮਮਤਾ ਨੂੰ ਜਵਾਬਦੇਹ ਠਹਿਰਾਏਗੀ।
Read More: ED ਦੀ ਟੀਐਮਸੀ ਦੇ ਆਈਟੀ ਸੈੱਲ ਮੁਖੀ ਦੇ ਘਰ ‘ਤੇ ਛਾਪੇਮਾਰੀ, ਕੇਂਦਰ ਸਰਕਾਰ ‘ਤੇ ਭੜਕੀ CM ਮਮਤਾ ਬੈਨਰਜੀ




