9 ਜਨਵਰੀ 2026: ਕਿਸ਼ੋਰ ਅਵਸਥਾ (adolescence) ਸਰੀਰਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਲਈ ਇੱਕ ਮਹੱਤਵਪੂਰਨ ਸਮਾਂ ਹੈ। ਕਿਸ਼ੋਰ ਅਵਸਥਾ ਉਹ ਸਮਾਂ ਹੈ ਜੋ ਬਚਪਨ ਨੂੰ ਜਵਾਨੀ ਨਾਲ ਜੋੜਦਾ ਹੈ, ਲੜਕੀਆਂ ਵਿੱਚ ਇਹ ਸਮਾਂ 11 ਸਾਲ ਤੋਂ ਲੈ ਕੇ 17 ਸਾਲ ਤੱਕ ਹੁੰਦਾ ਹੈ ਅਤੇ ਲੜਕਿਆਂ ਵਿੱਚ 13 ਸਾਲ ਤੋਂ ਲੈ ਕੇ 19 ਸਾਲ ਤੱਕ ਦਾ ਹੁੰਦਾ ਹੈ । ਇਸ ਅਵਸਥਾ ਵਿੱਚ ਬੱਚਿਆਂ ਵਿੱਚ ਤੇਜ਼ੀ ਨਾਲ ਸਰੀਰਕ, ਭਾਵਨਾਤਮਕ, ਮਨੋਵਿਗਿਆਨਿਕ ਬਦਲਾਓ ਹੁੰਦੇ ਹਨ। ਇਹ ਮਨੁੱਖ ਦੇ ਜੀਵਨ ਦੇ ਸਭ ਤੋਂ ਜਿਆਦਾ ਬਦਲਾਵ ਅਤੇ ਵਿਕਾਸ ਵਾਲਾ ਪੜਾਵ ਹੈ, ਜਿਸ ਵਿੱਚ ਸਰੀਰਿਕ ਹਾਰਮੋਨ ਦੀ ਉਥਲ ਪੁਥਲ ਹੁੰਦੀ ਹੈ ।
ਉੱਥੇ ਹੀ ਦੱਸ ਦੇਈਏ ਕਿ ਕਿਸ਼ੋਰ ਅਵਸਥਾ (adolescence) ਵਿੱਚ ਹੋਣ ਵਾਲੇ ਇਨ੍ਹਾਂ ਬਦਲਾਵਾਂ ਨੂੰ ਸਮਝਣ ਲਈ ਅਤੇ ਜਾਨਣ ਲਈ ਵਿਗਿਆਨਿਕ ਤੱਥਾਂ ਦੀ ਜਾਣਕਾਰੀ ਦੀ ਕਮੀ ਕਿਸ਼ੋਰਾਂ ਵਿੱਚ ਭੁਲੇਖੇ ਅਤੇ ਚੰਚਲਤਾ ਨੂੰ ਜਨਮ ਦਿੰਦੀ ਹੈ । ਕਿਸ਼ੋਰ ਅਵਸਥਾ ਵਿਚ ਭਾਵਨਾਤਮਕ ਅਸੰਤੁਲਨ ਅਤੇ ਤਨਾਵ ਦੀ ਸਥਿਤੀ ਹੁੰਦੀ ਹੈ ਜੇਕਰ ਉਹਨਾਂ ਦੇ ਪ੍ਰਸ਼ਨਾਂ ਦੇ ਜਵਾਬ ਨਾ ਮਿਲਣ ਅਤੇ ਉਹਨਾਂ ਦੇ ਹਿੱਤਾਂ ਉੱਤੇ ਹਮਦਰਦੀ ਨਾਲ ਵਿਚਾਰ ਨਾ ਕੀਤਾ ਜਾਵੇ ਤਾਂ ਉਹ ਮਾਨਸਿਕ ਅਤੇ ਭਾਵਨਾਤਮਕ ਤਨਾਵ ਵੱਲ ਜਾ ਸਕਦੇ ਹਨ।
ਇੰਟਰਨੈਟ ਅਤੇ ਸੋਸ਼ਲ ਮੀਡੀਆ ਦੇ ਇਸ ਸਮੇਂ ਦੌਰਾਨ ਜੇਕਰ ਬੱਚਿਆਂ ਨਾਲ ਬੈਠ ਕੇ ਉਹਨਾਂ ਨੂੰ ਸਪੋਰਟ ਨਾ ਕੀਤਾ ਜਾਵੇ ਤਾਂ ਉਹ ਆਪਣੀ ਇਸ ਸਮੇਂ ਦੀ ਪੜ੍ਹਾਈ ਉੱਤੇ ਫੋਕਸ ਨਹੀਂ ਕਰ ਪਾਉਣਗੇ ਅਤੇ ਉਨ੍ਹਾਂ ਵਿੱਚ ਲੜਾਈ-ਝਗੜੇ ,ਡਰੱਗਸ, ਯੋਨ ਰੋਗ, ਮਾਨਸਿਕ ਰੋਗ ਆਦਿ ਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਉਹ ਆਪਣੇ ਸਵਾਲਾਂ ਦੇ ਜਵਾਬ ਲਈ ਉਹਨਾ ਲੋਕਾ ਦੇ ਸੰਪਰਕ ਵਿੱਚ ਆ ਜਾਂਦੇ ਹਨ ਜਿਹਨਾਂ ਨੂੰ ਜਾ ਤਾ ਬਿਲਕੁਲ ਨਹੀਂ ਪਤਾ ਹੁੰਦਾ ਜਾ ਫਿਰ ਗ਼ਲਤ ਪਤਾ ਹੁੰਦਾ।
ਦੱਸ ਦੇਈਏ ਕਿ ਇਸ ਉਮਰ ਦੇ ਬੱਚੇ ਬਦਤਮੀਜੀ ,ਬਹਿਸ ਕਰਨਾ, ਚਿੜਚਿੜਾਪਨ ,ਉੱਚੀ ਆਵਾਜ਼ ਵਿੱਚ ਬੋਲਣਾ, ਨਿਯਮ ਤੋੜਨਾ, ਜਿੱਦੀ ਹੋਣਾ, ਦਰਵਾਜੇ ਜੋਰ ਨਾਲ ਮਾਰਨਾ ਆਦਿ ਉਨ੍ਹਾਂ ਦੇ ਸੁਭਾਅ ਵਿੱਚ ਹੋਣਾ ਆਮ ਗੱਲ ਹੈ। ਬੱਚਾ ਇਸ ਸਮੇਂ ਸਮਾਜਿਕ ਅਤੇ ਭਾਵਨਾਤਮਕ ਹੁਨਰ ਸਿੱਖ ਰਿਹਾ ਹੁੰਦਾ ਹੈ ਜਿਸ ਤਰ੍ਹਾਂ ਦਾ ਵਿਵਹਾਰ ਅਸੀਂ ਉਸ ਤੋਂ ਉਮੀਦ ਕਰਦੇ ਹਾਂ ਕਿ ਉਹ ਕਰੇ ਪਰ ਬੱਚਾ ਅਜੇ ਉਨ੍ਹਾਂ ਭਾਵਨਾਵਾਂ ਨੂੰ ਸਮਝਣ ਵਿੱਚ ਸੰਘਰਸ਼ ਕਰ ਰਿਹਾ ਹੁੰਦਾ ਹੈ।

ਛੋਟੇ ਬੱਚਿਆਂ ਦੀ ਯਾਦਦਾਸ਼ਤ ਕੁੱਝ ਕੇਸਾਂ ਵਿੱਚ ਕਮਜ਼ੋਰ ਹੁੰਦੀ ਹੈ ਜਿਸ ਕਾਰਨ ਉਹ ਕਈ ਵਾਰ ਉਹ ਨਹੀਂ ਕਰਦੇ ਜੋ ਤੁਸੀਂ ਕਹਿੰਦੇ ਹੋ ਕੇ ਉਹ ਵਾਰ- ਵਾਰ ਕਰਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਕਿ ਬੱਚਾ ਜਿਆਦਾਤਰ ਬਿਮਾਰ ਰਹਿੰਦਾ ਹੋਵੇ, ਉਸ ਦੀ ਨੀਂਦ ਪੂਰੀ ਨਾ ਹੁੰਦੀ ਹੋਵੇ, ਜਾਂ ਮੋਬਾਈਲ ਸਕਰੀਨ ਦਾ ਸਮਾਂ ਜਿਆਦਾ ਹੋਵੇ ,ਖੁਰਾਕ ਪੂਰੀ ਨਾ ਹੋਵੇ ਜਾਂ ਫਿਰ ਘਰ ਵਿੱਚ ਲੜਾਈ ਝਗੜੇ ਦਾ ਮਾਹੌਲ ਹੋਵੇ।
ਦੁਨੀਆ ਵਿੱਚ ਹਰ ਇੱਕ ਬੱਚੇ ਦਾ ਸੁਭਾਅ ਅਲੱਗ ਤਰ੍ਹਾਂ ਦਾ ਹੁੰਦਾ ਹੈ ਚਾਹੇ ਜੁੜਵਾ ਬੱਚੇ ਹੀ ਕਿਉਂ ਨਾ ਹੋਣ। ਸਭ ਤੋਂ ਪਹਿਲਾਂ ਤਾਂ ਮਾਤਾ -ਪਿਤਾ ਨੂੰ ਖੁਦ ਸ਼ਾਂਤ ਰਹਿ ਕੇ ਆਪਣੇ ਬੱਚਿਆਂ ਦਾ ਸੁਭਾਵ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਫਿਰ ਫੈਸਲਾ ਲਓ ਕੇ ਕਿਸ ਗੱਲ ਉੱਤੇ ਤੁਸੀਂ ਅੜਨਾ ਹੈ ਅਤੇ ਕਿਸ ਉੱਤੇ ਨਹੀਂ। ਇਹ ਸਪਸ਼ਟ ਰੂਪ ਵਿੱਚ ਦੱਸੋ ਕਿ ਉਸ ਦੀ ਕਿਹੜੀ ਗੱਲ ਮੰਨੀ ਜਾਵੇਗੀ ਅਤੇ ਕਿਹੜੀ ਨਹੀਂ। ਜਿਹੜੀ ਗੱਲ ਨਹੀਂ ਮੰਨੀ ਜਾ ਰਹੀ ਹੈ ਤਾਂ ਉਸ ਦਾ ਉਸਨੂੰ ਕਾਰਨ ਦੱਸੋ ।
ਆਪਣੇ ਬੱਚਿਆਂ ਨੂੰ ਦੱਸੋ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿਸ ਨਾਲ ਜਾ ਰਹੇ ਹੋ, ਅਤੇ ਕਦੋਂ ਵਾਪਸ ਮੁੜੋਗੇ ਫਿਰ ਇਹੀ ਗੱਲਾਂ ਦੀ ਉਮੀਦ ਆਪਣੇ ਬੱਚਿਆਂ ਤੋਂ ਵੀ ਰੱਖੋ ਬੱਚਿਆਂ ਨਾਲ ਵਿਚਾਰਾਂ ਦਾ ਮਤਭੇਦ ਆਮ ਗੱਲ ਹੈ ਕਿਉਂਕਿ ਬੱਚੇ ਹਲੇ ਵਿਚਾਰਾਂ ਨੂੰ ਰੱਖਣਾ ਅਤੇ ਸਮਝਣਾ ਅਤੇ ਸਿੱਖ ਰਹੇ ਹਨ ਅਤੇ ਆਪਣੀ ਸੋਚ ਨੂੰ ਬਣਾ ਰਹੇ ਹਨ ਉਹਨਾਂ ਨੂੰ ਸੁਣੋਂ ਅਤੇ ਉਨ੍ਹਾਂ ਨੂੰ ਆਪਣੇ ਤਰਕ ਰੱਖਣ ਦਿਓ।
ਜੇਕਰ ਤੁਸੀਂ ਕੁਝ ਗੱਲਾਂ ਤੇ ਬੱਚਿਆਂ ਨਾਲ ਸਹਿਮਤ ਹੋਵੋਗੇ ਤਾਂ ਉਹ ਵੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਣਗੇ। ਤੁਹਾਡੇ ਬੱਚੇ ਜੋ ਵੀ ਸਕੂਲ ਵਿੱਚ ਜਾਂ ਫਿਰ ਘਰ ਵਿੱਚ ਕਰਦੇ ਹਨ ਉਸ ਵਿੱਚ ਆਪਣੀ ਦਿਲਚਸਪੀ ਦਿਖਾਓ ਅਤੇ ਉਹਨਾਂ ਉੱਤੇ ਨਜ਼ਰ ਵੀ ਰੱਖੋ ਕੇ ਉਹ ਕਿਸ ਨਾਲ ਹਨ ਅਤੇ ਕਿੱਥੇ ਹਨ। ਉਨ੍ਹਾਂ ਦੇ ਦੋਸਤਾਂ ਦਾ ਸੁਭਾਅ ਅਤੇ ਉਹਨਾਂ ਦੀਆ ਆਦਤਾਂ ਕਿਵੇਂ ਦੀਆ ਹਨ।
ਰੋਜ਼ਾਨਾਂ ਆਪਣੇ ਬੱਚਿਆਂ ਨਾਲ ਕੁਝ ਸਮਾਂ ਇਕੱਠੇ ਬਿਤਾਓ। ਇਸ ਨਾਲ ਤੁਹਾਡਾ ਰਿਸ਼ਤਾ ਹੋਰ ਜਿਆਦਾ ਮਜਬੂਤ ਹੋਵੇਗਾ ਜੇਕਰ ਬਾਹਰ ਘੁੰਮਣ ਨਹੀਂ ਜਾ ਸਕਦੇ ਤਾਂ ਘੱਟੋ ਘੱਟ ਘਰ ਦੇ ਨਜ਼ਦੀਕ ਜੇਕਰ ਕੋਈ ਮਾਲ ਜਾ ਪਾਰਕ ਹੈ ਤਾਂ ਉੱਥੇ ਉਹਨਾਂ ਨਾਲ ਕੁਝ ਸਮਾਂ ਬਿਤਾਓ । ਜੇਕਰ ਨਹੀਂ ਤਾਂ ਘਰ ਵਿੱਚ ਹੀ ਗੇਮ ਦੇ ਮੈਚ ਲਗਾਓ ਕਿਉਂਕਿ ਇਕੱਠਿਆਂ ਬਿਤਾਇਆ ਸਮਾਂ ਤੁਹਾਨੂੰ ਆਪਣੇ ਬੱਚਿਆਂ ਨੂੰ ਸਮਝਣ ਵਿੱਚ ਸਹਾਇਕ ਹੋਵੇਗਾ ।

ਆਪਣੇ ਬੱਚਿਆਂ ਨੂੰ ਥੋੜਾ ਇਕੱਲਿਆਂ ਵੀ ਰਹਿਣ ਦਿਓ ਕਿਉਂਕਿ ਹਰ ਸਮੇਂ ਉਹਨਾਂ ਉੱਤੇ ਨਜ਼ਰਾਂ ਲਗਾਈ ਰੱਖਣਾ ਵੀ ਗਲਤ ਹੈ। ਉਹਨਾਂ ਨੂੰ ਵੀ ਸਪੇਸ ਅਤੇ ਪ੍ਰਾਈਵੇਸੀ ਦਿਓ।
ਜੇਕਰ ਤੁਹਾਡੇ ਬੱਚੇ ਕੁਝ ਨਵਾਂ ਸਿੱਖਣਾ ਚਾਹੁੰਦੇ ਹਨ ਤਾਂ ਉਸ ਨੂੰ ਉਤਸਾਹਿਤ ਕਰੋ ਅਤੇ ਉਹਨਾਂ ਨੂੰ ਆਲ ਰਾਉਂਡਰ ਬਣਨ ਲਈ ਪ੍ਰੇਰਿਤ ਕਰੋ। ਕਿਤਾਬੀ ਕੀੜੇ ਨਾਂ ਬਣਨ ਦਿਓ ਉਹਨਾਂ ਨੂੰ ਸ਼ਰੀਰਿਕ ਤੰਦਰੁਸਤੀ ਦੇ ਲਈ ਖੇਡਾਂ ਦੇ ਵਿੱਚ ਭਾਗ ਲੈਣ ਦਿਓ, ਨਵੀ- ਨਵੀ ਜਗ੍ਹਾ ਤੇ ਘੁੰਮਣ- ਫਿਰਨ ਦਿਓ, ਨਵੇਂ ਲੋਕਾਂ ਨਾਲ ਮਿਲਣ ਦਿਓ, ਨਵੀਆਂ ਕਿਤਾਬਾਂ, ਨਵੇਂ ਸ਼ੌਂਕ ਪੈਦਾ ਕਰਨ ਵਿੱਚ ਮਦਦ ਕਰੋ।
ਆਪਣੀ ਜ਼ਿੰਦਗੀ ਦੀਆਂ ਕੀਤੀਆਂ ਗਲਤੀਆਂ ਬਾਰੇ ਉਹਨਾਂ ਨੂੰ ਦੱਸੋ ਤਾਂ ਜੋ ਉਹ ਉਨਾ ਗਲਤੀਆਂ ਤੋਂ ਸਿੱਖਣ ਨਾ ਕੇ ਹਰ ਸਮੇਂ ਆਪਣੀਆਂ ਉਪਲਬਧੀਆਂ ਬਾਰੇ ਦੱਸਦੇ ਰਹੋ ਜੋ ਕੇ ਉਹਨਾਂ ਨੂੰ ਲੈਕਚਰ ਹੀ ਲੱਗਣ।
ਬੱਚਿਆਂ ਨੂੰ ਰਸੋਈ ਵਿੱਚ ਖਾਣਾ ਪਕਾਉਣ ਬਾਰੇ ਵੀ ਸਿੱਖਣ ਦਿਓ ਤਾਂ ਕੇ ਬੱਚੇ ਕਿਸੇ ਐਮਰਜੈਂਸੀ ਦੌਰਾਨ ਖੁਦ ਖਾਣਾ ਬਣਾ ਕੇ ਖਾ ਸਕਣ, ਆਪਣੇ ਕੱਪੜੇ ਦੀ ਸਕਣ, ਘਰ ਦੀ ਸਾਫ ਸਫਾਈ ਕਰ ਸਕਣ ਅਤੇ ਉਨਾ ਨੂੰ ਘਰ ਦੇ ਖਰਚੇ ਦਾ ਬਜਟ ਬਨਵਾਉਣ ਵਿੱਚ ਸ਼ਾਮਿਲ ਕਰੋ ਤਾਂ ਜੋ ਉਹਨਾਂ ਪਤਾ ਲੱਗੇ ਕੇ ਬਾਜ਼ਾਰ ਵਿੱਚ ਕਿਹੜੀ ਚੀਜ਼ ਦਾ ਕੀ ਮੁੱਲ ਚਲ ਰਿਹਾ ਹੈ ਅਤੇ ਇਹ ਬਜਟ ਬਣਾਉਣ ਦੀ ਸਿੱਖਿਆ ਉਨਾਂ ਨੂੰ ਭਵਿੱਖ ਵਿੱਚ ਕੰਮ ਆਵੇਗੀ।
ਸਿਵਿਕ ਸੈਂਸ ਜੋ ਕੇ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਮਹਿਸੂਸ ਹੋ ਰਹੀ ਹੈ ਮਾਪਿਆਂ ਨੂੰ ਹੀ ਆਪਣੇ ਬੱਚਿਆਂ ਨੂੰ ਸਿਖਾਉਣਾ ਪਵੇਗਾ ਕਿ ਟਰੈਫਿਕ ਰੂਲ ਕੀ ਹਨ, ਕੂੜਾ ਕਿੱਥੇ ਸਿਟਨਾ ਹੈ, ਪਬਲਿਕ ਪ੍ਰਾਪਰਟੀ ਨੂੰ ਕਿਵੇਂ ਸਾਫ ਸੁਥਰਾ ਅਤੇ ਸੰਭਾਲਣਾ ਹੈ, ਇਨਸਾਨੀਅਤ ਨੂੰ ਸਭ ਤੋਂ ਪਹਿਲਾਂ ਰੱਖੋ ।
ਆਪਣੇ ਬੱਚਿਆਂ ਲਈ ਪਹਿਲਾਂ ਮਾਤਾ ਪਿਤਾ ਨੂੰ ਹੀ ਰੋਲ ਮਾਡਲ ਬਣਨਾ ਪਵੇਗਾ ਕਿਉਂਕਿ ਬੱਚੇ ਆਪਣੇ ਮਾਂ ਬਾਪ ਨੂੰ ਹੀ ਕਾਪੀ ਕਰਦੇ ਹਨ ਬਿਨਾਂ ਸਿਖਾਏ ਹੀ। ਚਾਹੇ ਜਿੰਨਾ ਮਰਜ਼ੀ ਤੁਹਾਨੂੰ ਗੁੱਸਾ ਆ ਰਿਹਾ ਹੋਵੇ ਫਿਰ ਵੀ ਸ਼ਾਂਤ ਅਤੇ ਹੌਲੀ ਆਵਾਜ਼ ਰੱਖਣ ਦੀ ਕੋਸ਼ਿਸ਼ ਕਰੋ ਅਤੇ ਮਾਰ-ਕੁੱਟ ਕਰਨਾ ਜਾਂ ਬੇਜ਼ਤੀ ਕਰਨਾ ਜਾਂ ਫਿਰ ਉਨਾ ਦੇ ਦੋਸਤਾਂ ਸਾਹਮਣੇ ਉਹਨਾਂ ਦੀ ਨਿੰਦਾ ਕਰਨੀ ਜਾ ਉਹਨਾਂ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰਾਂ ਕਰਨ ਨਾਲ ਬੱਚੇ ਅਤੇ ਮਾਤਾ ਪਿਤਾ ਵਿਚਕਾਰ ਰਿਸ਼ਤਾ ਕਮਜ਼ੋਰ ਹੋਣ ਲੱਗ ਪੈਂਦਾ ਹੈ ਅਤੇ ਬੱਚਾ ਜਿਆਦਾ ਸਮਾਂ ਘਰ ਤੋ ਬਾਹਰ ਰਹਿਣ ਲੱਗ ਪੈਂਦਾ ਹੈ ਜਾਂ ਫਿਰ ਗਲਤ ਸੋਚ ਵਾਲੇ ਲੋਕ ਉਨਾਂ ਦਾ ਫਾਇਦਾ ਉਠਾਉਣ ਲੱਗਦੇ ਹਨ। ਆਪਣੇ ਬੱਚੇ ਨੂੰ ਜਿਆਦਾ ਸੁਣੋਂ ਨਾ ਕਿ ਜਿਆਦਾ ਸੁਣਾਓ, ਉਸਨੂੰ ਜਿਆਦਾ ਸਮਝੋ ਨਾ ਕਿ ਜਿਆਦਾ ਸਮਝਾਓ।

ਹੋਰ ਜਾਣਕਾਰੀ ਦੇ ਲਈ ਤੁਸੀਂ ਡਾਕਟਰ ਵਰਿੰਦਰ ਕੁਮਾਰ (ਸੁਨਾਮ ਊਧਮ ਸਿੰਘ ਵਾਲਾ) ਨੂੰ ਕਰੋ ਸੰਪਰਕ 9914905353
Read More: ਖਾਣ ਪੀਣ ਸਮੇਂ ਰਹੋ ਸੁਚੇਤ, ਕੈਂਸਰ ਹੋਣ ਦੇ ਇਹ ਵੀ ਹੋ ਸਕਦੇ ਕਾਰਨ




