ਚੰਡੀਗੜ੍ਹ/ਬਠਿੰਡਾ, 6 ਜਨਵਰੀ 2026: ਪੰਜਾਬ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਨੇ ਬਠਿੰਡਾ ਪੁਲਿਸ ਨਾਲ ਅਰਸ਼ ਡੱਲਾ ਗੈਂਗ ਨਾਲ ਜੁੜੇ 3 ਮੁਲਜ਼ਮਾਂ ਨੂੰ ਚਾਰ ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਚਾਰ ਮੈਗਜ਼ੀਨ ਅਤੇ 26 ਜ਼ਿੰਦਾ ਕਾਰਤੂਸ ਨਾਲ ਗ੍ਰਿਫ਼ਤਾਰ ਕੀਤਾ ਹੈ | ਉਨ੍ਹਾਂ ਕਿਹਾ ਇਨ੍ਹਾਂ ਗ੍ਰਿਫਤਾਰੀਆਂ ਨਾਲ ਟਾਰਗੇਟ ਕਿਲਿੰਗ ਦੀ ਵਾਰਦਾਤ ਨੂੰ ਰੋਕਿਆ ਹੈ |
ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਗਿੱਲ ਪੱਤੀ (ਬਠਿੰਡਾ ) ਦੇ ਵਸਨੀਕ ਕੁਲਦੀਪ ਸਿੰਘ, ਬਠਿੰਡਾ ਦੇ ਕੋਟਸ਼ਮੀਰ ਦਾ ਵਸਨੀਕ ਗੁਰਵਿੰਦਰ ਸਿੰਘ ਅਤੇ ਬਠਿੰਡਾ ਦੇ ਪਿੰਡ ਭੋਖੜਾ ਦਾ ਨਿਵਾਸੀ ਗਗਨਦੀਪ ਸਿੰਘ ਵਜੋਂ ਹੋਈ ਹੈ। ਇਹ ਕੋਲੋਂ ਬਰਾਮਦ ਇੱਕ ਗਲੌਕ, ਇੱਕ ਜ਼ਿਗਾਨਾ, ਇੱਕ .30 ਬੋਰ ਦਾ ਪਿਸਤੌਲ ਅਤੇ ਇੱਕ .32 ਬੋਰ ਦਾ ਪਿਸਤੌਲ ਬਰਾਮਦ ਕੀਤੇ ਹਨ | ਇਸਦੇ ਨਾਲ ਹੀ ਪੁਲਿਸ ਨੇ ਬਿਨਾਂ ਰਜਿਸਟਰੇਸ਼ਨ ਨੰਬਰ ਵਾਲੀ ਇੱਕ ਹੁੰਡਈ ਵਰਨਾ ਕਾਰ ਵੀ ਜ਼ਬਤ ਕੀਤੀ ਹੈ |
ਡੀਜੀਪੀ ਗੌਰਵ ਯਾਦਵ ਮੁਤਾਬਕ ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਫ਼ਿਰਾਕ ‘ਚ ਸਨ | ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚੋਂ ਕੁਲਦੀਪ ਸਿੰਘ ਹਾਲ ਹੀ ‘ਚ ਯੋਜਨਾਬੱਧ ਗੋਲੀਬਾਰੀ ਨੂੰ ਅੰਜਾਮ ਦੇਣ ਲਈ ਵਿਸ਼ੇਸ਼ ਤੌਰ ’ਤੇ ਕੈਨੇਡਾ ਤੋਂ ਬਠਿੰਡਾ ਆਇਆ ਸੀ।
ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਚੱਲ ਰਹੀ ਅੰਤਰ-ਗੈਂਗ ਦੁਸ਼ਮਣੀ ‘ਚ ਆਪਣੀ ਸ਼ਮੂਲੀਅਤ ਬਾਰੇ ਵੀ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਪੁਲਿਸ ਸਟੇਸ਼ਨ ਥਰਮਲ ਵਿਖੇ ਐਫ.ਆਈ.ਆਰ ਦਰਜ ਕੀਤੀ ਹੈ | ਇਨ੍ਹਾਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਏ.ਆਈ.ਜੀ. ਸੀ.ਆਈ. ਬਠਿੰਡਾ ਅਵਨੀਤ ਕੌਰ ਸਿੱਧੂ ਨੇ ਕਾਰਵਾਈ ਸੰਬੰਧੀ ਕਿਹਾ ਕਿ ਸੀ.ਆਈ. ਬਠਿੰਡਾ ਨੂੰ ਭਰੋਸੇਯੋਗ ਸੂਤਰਾਂ ਤੋਂ ਪੁਖਤਾ ਇਤਲਾਹ ਮਿਲੀ ਸੀ ਕਿ ਅਰਸ਼ ਡੱਲਾ ਗੈਂਗ ਨਾਲ ਜੁੜੇ ਸ਼ੂਟਰਾਂ ਕੋਲ ਗੈਰ-ਕਾਨੂੰਨੀ ਹਥਿਆਰ ਹਨ ਅਤੇ ਉਹ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਹਨ। ਸੀ.ਆਈ. ਬਠਿੰਡਾ ਦੀ ਟੀਮ ਨੇ ਜ਼ਿਲ੍ਹਾ ਪੁਲਿਸ ਬਠਿੰਡਾ ਨਾਲ ਮਿਲ ਕੇ ਗੋਨਿਆਣਾ ਰੋਡ ’ਤੇ ਸੁੱਚਾ ਸਿੰਘ ਨਗਰ ਨੇੜੇ ਨਾਕਾ ਲਗਾਇਆ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਖ਼ਿਲਾਫ ਬਠਿੰਡਾ ਦੇ ਥਰਮਲ ਸਥਿਤ ਪੁਲਿਸ ਸਟੇਸ਼ਨ ਵਿਖੇ ਆਰਮ ਐਕਟ ਦੀ ਧਾਰਾ 25 ਅਤੇ 27 ਤਹਿਤ ਐਫ.ਆਈ.ਆਰ ਦਰਜ ਕੀਤੀ ਹੈ |
Read More: ਨਸ਼ਿਆਂ ਵਿਰੁੱਧ ਜੰਗ: 310ਵੇਂ ਦਿਨ ਪੰਜਾਬ ਪੁਲਿਸ ਨੇ 65 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ




