ਚੰਡੀਗੜ੍ਹ, 05 ਜਨਵਰੀ 2026: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਭਰ ‘ਚ ਦਿਨ-ਦਿਹਾੜੇ ਸੂਬੇ ‘ਚ ਹੋ ਰਹੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਵਾਸੀਆਂ ਨੇ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਉਮੀਦ ਗੁਆ ਦਿੱਤੀ ਹੈ । ਰਾਜਾ ਵੜਿੰਗ ਨੇ ਕਿਹਾ ਹੈ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਹੁਣ ਪੁਲਿਸ ਵਰਗੀ ਕੋਈ ਚੀਜ਼ ਬਾਕੀ ਨਹੀਂ ਰਹੀ ਹੈ, ਜਿਵੇਂ ਕਿ ਪੁਲਿਸ ਦਾ ਹੋਂਦ ਹੀ ਖਤਮ ਹੋ ਚੁੱਕੀ ਹੋਵੇ।
ਰਾਜਾ ਵੜਿੰਗ ਨੇ ਅੰਮ੍ਰਿਤਸਰ ‘ਚ ਵਿਆਹ ਸਮਾਗਮ ਦੌਰਾਨ ਇੱਕ ਸਰਪੰਚ ਦੇ ਕਤਲ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਕਾਤਲਾਂ ਨੇ ਕਿਸੇ ਕਿਸਮ ਦਾ ਡਰ ਨਹੀਂ ਸੀ ਅਤੇ ਬਿਨਾਂ ਮੂੰਹ ਢੱਕੇ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਕਿਉਂਕਿ ਕਾਤਲਾਂ ਅੰਦਰ ਕਾਨੂੰਨ ਦਾ ਕੋਈ ਡਰ ਨਹੀਂ ਸੀ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੀ ਘਟਨਾ ਦੂਜੀ ਹੈ, ਇਸ ਤੋਂ ਪਹਿਲਾਂ ਲੁਧਿਆਣਾ ‘ਚ ਵੀ ਇੱਕ ਵਿਆਹ ਸਮਾਗਮ ਦੌਰਾਨ ਦੋ ਜਣਿਆਂ ਦਾ ਕਤਲ ਹੋਇਆ ਸੀ। ਲੁਧਿਆਣਾ ਵਿਆਹ ਵਾਲੇ ਕਤਲਾਂ ਦੇ ਮਾਮਲੇ ‘ਚ ਕਰੀਬ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤੇ ਗਏ।
ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਅਪਰਾਧ ਨਾਲ ਲੜਨਾ ਛੱਡ ਦਿੱਤਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ਦੇ ਹਵਾਲੇ ਕਰ ਦਿੱਤਾ ਹੈ। ਰਾਜਾ ਵੜਿੰਗ ਨੇ ਸੂਬੇ ‘ਚ ਵੱਧ ਰਹੇ ਅਪਰਾਧਾਂ ਪ੍ਰਤੀ ਮੁੱਖ ਮੰਤਰੀ ਦੀ ਪੂਰੀ ਤਰ੍ਹਾਂ ਬੇਰੁਖ਼ੀ ਅਤੇ ਚਿੰਤਾ ਦੀ ਕਮੀ ‘ਤੇ ਹੈਰਾਨੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਮਾਮਲੇ ‘ਚ ਇੱਕ ਵੀ ਬਿਆਨ ਨਹੀਂ ਆਇਆ ਹੈ।
Read More: ਪੰਜਾਬ ਵਿਧਾਨ ਸਭਾ ਚੋਣਾਂ 2027 ਲਈ 80 ਸੀਟਾਂ ‘ਤੇ ਨਵੇਂ ਚਿਹਰਿਆਂ ਨੂੰ ਦੇਵਾਂਗੇ ਟਿਕਟਾਂ: ਰਾਜਾ ਵੜਿੰਗ




