Protests in Iran

Iran Protest: ਈਰਾਨ ‘ਚ ਵਿਰੋਧ ਪ੍ਰਦਰਸ਼ਨ ਛੇਵੇਂ ਦਿਨ ਜਾਰੀ, 6 ਨਾਗਰਿਕਾਂ ਦੀ ਮੌ.ਤ

ਈਰਾਨ, 03 ਜਨਵਰੀ 2026: ਈਰਾਨ ‘ਚ ਮਹਿੰਗਾਈ ਅਤੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਖ਼ਿਲਾਫ ਵਿਰੋਧ ਪ੍ਰਦਰਸ਼ਨ ਲਗਾਤਾਰ ਛੇਵੇਂ ਦਿਨ ਵੀ ਜਾਰੀ ਹਨ। ਹੁਣ ਤੱਕ 6 ਨਾਗਰਿਕ ਅਤੇ ਇੱਕ ਸੁਰੱਖਿਆ ਬਲ ਮੈਂਬਰ ਮਾਰੇ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ‘ਖਾਮੇਨੇਈ ਮੁਰਦਾਬਾਦ’ ਦੇ ਨਾਅਰੇ ਲਗਾਏ |

ਈਰਾਨ ਦੇ ਕਈ ਖੇਤਰਾਂ ‘ਚ ਹਿੰਸਕ ਪ੍ਰਦਰਸ਼ਨਾਂ ਅਤੇ ਗ੍ਰਿਫਤਾਰੀਆਂ ਦੀਆਂ ਰਿਪੋਰਟਾਂ ਹਨ। ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁਨ ਨਿਊਜ਼ ਏਜੰਸੀ (HRANA) ਨੇ ਰਿਪੋਰਟ ਦਿੱਤੀ ਹੈ ਕਿ ਹੁਣ ਤੱਕ ਅੱਠ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਵਿਰੋਧ ਪ੍ਰਦਰਸ਼ਨ ਸੋਮਵਾਰ ਨੂੰ ਉਦੋਂ ਸ਼ੁਰੂ ਹੋਏ ਜਦੋਂ ਤਹਿਰਾਨ ‘ਚ ਵਪਾਰੀਆਂ ਨੇ ਬਾਜ਼ਾਰ ਬੰਦ ਕਰ ਦਿੱਤੇ। ਉਹ ਹੁਣ 46 ਸ਼ਹਿਰਾਂ ਅਤੇ 22 ਪ੍ਰਾਂਤਾਂ ‘ਚ 113 ਥਾਵਾਂ ‘ਤੇ ਫੈਲ ਗਏ ਹਨ। HRANA ਨੇ ਰਿਪੋਰਟ ਦਿੱਤੀ ਕਿ ਮਾਸ਼ਹਦ, ਜ਼ਾਹਿਦਾਨ, ਕਾਜ਼ਵਿਨ, ਹਮੇਦਾਨ ਅਤੇ ਤਹਿਰਾਨ ਵਰਗੇ ਸ਼ਹਿਰਾਂ ‘ਚ ਪ੍ਰਦਰਸ਼ਨ ਜਾਰੀ ਹਨ। ਇਨ੍ਹਾਂ ਥਾਵਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ, ਤਾਕਤ ਦੀ ਵਰਤੋਂ ਕੀਤੀ ਗਈ ਹੈ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੇਤਾਵਨੀ ਦੇਣ ਤੋਂ ਬਾਅਦ ਕਿ ਜੇਕਰ ਈਰਾਨੀ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਤਾਂ ਅਮਰੀਕਾ ਦਖਲ ਦੇ ਸਕਦਾ ਹੈ, ਸਾਬਕਾ ਈਰਾਨੀ ਕ੍ਰਾਊਨ ਪ੍ਰਿੰਸ ਰੇਜ਼ਾ ਪਹਿਲਵੀ ਨੇ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਅਤੇ ਈਰਾਨੀ ਲੋਕਾਂ ਦਾ ਸਮਰਥਨ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

ਪਹਿਲਵੀ ਨੇ ਕਿਹਾ ਕਿ ਈਰਾਨੀ ਲੋਕ ਸ਼ਾਸਨ ਦੇ 46 ਸਾਲਾਂ ਦੇ ਹਫੜਾ-ਦਫੜੀ ਅਤੇ ਦਹਿਸ਼ਤ ਦੇ ਰਾਜ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਅਮਰੀਕਾ ਨਾਲ ਸਬੰਧਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਟਵਿੱਟਰ ‘ਤੇ ਲਿਖਿਆ ਕਿ ਟਰੰਪ ਦੀ ਚੇਤਾਵਨੀ ਈਰਾਨੀ ਲੋਕਾਂ ਨੂੰ ਤਾਕਤ ਅਤੇ ਉਮੀਦ ਦਿੰਦੀ ਹੈ ਅਤੇ ਦਰਸਾਉਂਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਆਖਰਕਾਰ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।

ਸਾਬਕਾ ਈਰਾਨੀ ਮਹਾਰਾਣੀ ਫਰਾਹ ਪਹਿਲਵੀ ਨੇ ਵੀ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਅਤੇ ਸੁਰੱਖਿਆ ਬਲਾਂ ਨੂੰ ਲੋਕ ਅੰਦੋਲਨ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਲਿਖਿਆ ਕਿ ਈਰਾਨ ਇੱਕ ਸ਼ਾਨਦਾਰ ਇਤਿਹਾਸ ਵਾਲਾ ਦੇਸ਼ ਹੈ ਅਤੇ ਇਸਦਾ ਭਵਿੱਖ ਉਨ੍ਹਾਂ ਦੀ ਹਿੰਮਤ ਅਤੇ ਸੰਘਰਸ਼ ਦਾ ਨਤੀਜਾ ਹੋਵੇਗਾ।

Read More: Bangladesh News: ਬੰਗਲਾਦੇਸ਼ ‘ਚ ਇੱਕ ਹੋਰ ਹਿੰਦੂ ਭਾਈਚਾਰੇ ਦੇ ਵਿਅਕਤੀ ‘ਤੇ ਹ.ਮ.ਲਾ, ਗੰਭੀਰ ਜ਼ਖਮੀ

ਵਿਦੇਸ਼

Scroll to Top