ਜਰਮਨੀ, 23 ਦਸੰਬਰ 2025: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਭਾਜਪਾ ‘ਤੇ ਭਾਰਤੀ ਸੰਵਿਧਾਨ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਜਪਾ ਸੰਵਿਧਾਨ ਦੀ ਮੂਲ ਭਾਵਨਾ ਨੂੰ ਤਬਾਹ ਕਰਨਾ ਚਾਹੁੰਦੀ ਹੈ, ਜੋ ਸਾਰੇ ਨਾਗਰਿਕਾਂ ਨੂੰ ਬਰਾਬਰ ਅਧਿਕਾਰ ਦਿੰਦੀ ਹੈ।
ਰਾਹੁਲ ਗਾਂਧੀ ਨੇ 17 ਦਸੰਬਰ ਤੋਂ 19 ਦਸੰਬਰ ਤੱਕ ਜਰਮਨੀ ਦਾ ਦੌਰਾ ਕੀਤਾ। ਉਨ੍ਹਾਂ ਨੇ 18 ਅਕਤੂਬਰ ਨੂੰ ਬਰਲਿਨ ਦੇ ਹਰਟੀ ਸਕੂਲ ‘ਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਕਾਂਗਰਸ ਨੇ ਸੋਮਵਾਰ ਰਾਤ ਨੂੰ ਇਸ ਗੱਲਬਾਤ ਦਾ ਇੱਕ ਘੰਟੇ ਦਾ ਵੀਡੀਓ ਜਾਰੀ ਕੀਤਾ। ਵੀਡੀਓ ‘ਚ ਰਾਹੁਲ ਨੇ ਕਿਹਾ, “ਭਾਜਪਾ ਸੂਬਿਆਂ ਦੀ ਸਮਾਨਤਾ, ਭਾਸ਼ਾਵਾਂ ਦੀ ਸਮਾਨਤਾ ਅਤੇ ਧਰਮਾਂ ਦੀ ਸਮਾਨਤਾ ਦੇ ਵਿਚਾਰ ਨੂੰ ਤਬਾਹ ਕਰਨ ਦੀ ਗੱਲ ਕਰ ਰਹੀ ਹੈ। ਭਾਜਪਾ ਨੇ ਦੇਸ਼ ਦੇ ਸੰਸਥਾਨਾਂ ‘ਤੇ ਵੀ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ।”
ਰਾਹੁਲ ਗਾਂਧੀ ਨੇ ਕਿਹਾ, “ਲੋਕਤੰਤਰੀ ਸੰਸਥਾਵਾਂ ਸੁਤੰਤਰ ਤੌਰ ‘ਤੇ ਕੰਮ ਕਰਨ ‘ਚ ਅਸਮਰੱਥ ਹਨ। ਸੀਬੀਆਈ ਅਤੇ ਈਡੀ ਵਰਗੀਆਂ ਏਜੰਸੀਆਂ ਨੂੰ ਰਾਜਨੀਤਿਕ ਹਥਿਆਰਾਂ ਵਜੋਂ ਵਰਤਿਆ ਜਾ ਰਿਹਾ ਹੈ। ਏਜੰਸੀਆਂ ਸਿਰਫ਼ ਵਿਰੋਧੀ ਆਗੂਆਂ ਵਿਰੁੱਧ ਕੇਸ ਦਰਜ ਕਰ ਰਹੀਆਂ ਹਨ, ਜਦੋਂ ਕਿ ਭਾਜਪਾ ਆਗੂਆਂ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਜਾ ਰਿਹਾ ਹੈ। ਅਸੀਂ ਸਿਰਫ਼ ਭਾਜਪਾ ਨਾਲ ਨਹੀਂ ਲੜ ਰਹੇ; ਅਸੀਂ ਭਾਰਤੀ ਸੰਸਥਾਗਤ ਢਾਂਚੇ ਅਤੇ ਏਜੰਸੀਆਂ ‘ਤੇ ਉਨ੍ਹਾਂ ਦੇ ਕਬਜ਼ੇ ਵਿਰੁੱਧ ਵੀ ਲੜ ਰਹੇ ਹਾਂ।”
ਰਾਹੁਲ ਗੰਨਧੀ ਦਾ ਕਹਿਣਾ ਹੈ ਕਿ ਅਸੀਂ ਤੇਲੰਗਾਨਾ ਅਤੇ ਹਿਮਾਚਲ ਪ੍ਰਦੇਸ਼ ‘ਚ ਚੋਣਾਂ ਜਿੱਤੀਆਂ। ਅਸੀਂ ਹਰਿਆਣਾ ਚੋਣਾਂ ਵੀ ਜਿੱਤੀਆਂ, ਇਸ ‘ਚ ਕੋਈ ਸ਼ੱਕ ਨਹੀਂ। ਮੈਂ ਇੱਕ ਪ੍ਰੈਸ ਕਾਨਫਰੰਸ ‘ਚ ਦਿਖਾਇਆ ਕਿ ਇੱਕ ਬ੍ਰਾਜ਼ੀਲੀ ਔਰਤ ਹਰਿਆਣਾ ਵੋਟਰ ਸੂਚੀ ‘ਚ ਸੀ। ਜਦੋਂ ਅਸੀਂ ਚੋਣ ਕਮਿਸ਼ਨ ਨੂੰ ਇਹ ਸਵਾਲ ਪੁੱਛਿਆ, ਤਾਂ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ। ਸਾਡਾ ਮੰਨਣਾ ਹੈ ਕਿ ਮਹਾਰਾਸ਼ਟਰ ਚੋਣਾਂ ਵੀ ਨਿਰਪੱਖ ਨਹੀਂ ਸਨ।
ਅਸੀਂ ਇਸ ਸਮੇਂ ਦੇਸ਼ ਅਤੇ ਦੁਨੀਆ ‘ਚ ਵੱਡੀਆਂ ਤਬਦੀਲੀਆਂ ਦਾ ਅਨੁਭਵ ਕਰ ਰਹੇ ਹਾਂ। ਭਾਰਤ ਨੂੰ ਪਹਿਲਾਂ ਅਮਰੀਕਾ ਦੇ ਦਬਦਬੇ ਵਾਲੀ ਦੁਨੀਆ ਤੋਂ ਫਾਇਦਾ ਹੋਇਆ ਸੀ, ਜਿੱਥੇ ਅਮਰੀਕਾ ਨੇ ਨਿਯਮ ਤੈਅ ਕੀਤੇ ਸਨ, ਹਾਲਾਂਕਿ ਕੁਝ ਖਾਮੀਆਂ ਸਨ। ਹੁਣ, ਅਮਰੀਕਾ ਦੀ ਸ਼ਕਤੀ ਫੌਜੀ, ਆਰਥਿਕ ਅਤੇ ਵਿੱਤੀ ਮਾਮਲਿਆਂ ‘ਚ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਇਲਾਵਾ, ਅਮਰੀਕਾ ਖੁਦ ਬਹੁਤ ਸਾਰੀਆਂ ਅੰਦਰੂਨੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।
ਇੱਕ ਵੱਡੀ ਚੁਣੌਤੀ ਇਹ ਹੈ ਕਿ ਜ਼ਿਆਦਾਤਰ ਨਿਰਮਾਣ ਕਾਰਜ ਚੀਨ ਵੱਲ ਚਲੇ ਗਏ ਹਨ। ਇਸ ਕਾਰਨ, ਭਾਰਤ, ਅਮਰੀਕਾ ਜਾਂ ਜਰਮਨੀ ਵਰਗੇ ਦੇਸ਼ ਸਿਰਫ਼ ਸੇਵਾ ਖੇਤਰ ਰਾਹੀਂ ਵੱਡੇ ਪੱਧਰ ‘ਤੇ ਰੁਜ਼ਗਾਰ ਪੈਦਾ ਨਹੀਂ ਕਰ ਸਕਦੇ। ਨਿਰਮਾਣ ਅਤੇ ਉਤਪਾਦਨ ਮਹੱਤਵਪੂਰਨ ਹਨ, ਪਰ ਹੁਣ ਚੀਨ ਇਨ੍ਹਾਂ ਖੇਤਰਾਂ ਦਾ ਜ਼ਿਆਦਾਤਰ ਹਿੱਸਾ ਰੱਖਦਾ ਹੈ।
Read More: ਕਾਂਗਰਸੀ MP ਕਾਰਤੀ ਚਿਦੰਬਰਮ ਦੀਆਂ ਮੁਸ਼ਕਿਲਾਂ ਵਧਿਆ, ਕਥਿਤ ਚੀਨੀ ਵੀਜ਼ਾ ਘਪਲੇ ਮਾਮਲੇ ‘ਚ ਦੋਸ਼ ਤੈਅ




