ਸਪੋਰਟਸ, 20 ਦਸੰਬਰ 2025: IND ਬਨਾਮ SA: ਭਾਰਤ ਨੇ ਦੱਖਣੀ ਅਫਰੀਕਾ ਖਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ 3-1 ਨਾਲ ਜਿੱਤ ਲਈ ਹੈ। ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਖੇਡੇ ਪੰਜਵੇਂ ਮੈਚ ‘ਚ ਦੱਖਣੀ ਅਫਰੀਕਾ ਨੂੰ 30 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਲਗਾਤਾਰ ਅੱਠਵੀਂ ਟੀ-20 ਸੀਰੀਜ਼ ਜਿੱਤੀ ਹੈ।
ਅਹਿਮਦਾਬਾਦ ‘ਚ 232 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਦੱਖਣੀ ਅਫਰੀਕਾ 20 ਓਵਰਾਂ ‘ਚ 8 ਵਿਕਟਾਂ ‘ਤੇ ਸਿਰਫ਼ 201 ਦੌੜਾਂ ਹੀ ਬਣਾ ਸਕਿਆ। ਵਰੁਣ ਚੱਕਰਵਰਤੀ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਲਈਆਂ। ਕੁਇੰਟਨ ਡੀ ਕੌਕ ਨੇ 35 ਗੇਂਦਾਂ ‘ਚ 65 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ, ਭਾਰਤੀ ਟੀਮ ਨੇ ਤਿਲਕ ਵਰਮਾ ਅਤੇ ਹਾਰਦਿਕ ਪੰਡਯਾ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ 20 ਓਵਰਾਂ ‘ਚ 5 ਵਿਕਟਾਂ ‘ਤੇ 231 ਦੌੜਾਂ ਬਣਾਈਆਂ। ਤਿਲਕ ਨੇ 42 ਗੇਂਦਾਂ ‘ਚ 73 ਦੌੜਾਂ ਬਣਾਈਆਂ, ਜਦੋਂ ਕਿ ਪੰਡਯਾ ਨੇ 25 ਗੇਂਦਾਂ ‘ਚ 63 ਦੌੜਾਂ ਦੀ ਪਾਰੀ ਖੇਡੀ। ਸੰਜੂ ਸੈਮਸਨ ਨੇ 37 ਅਤੇ ਅਭਿਸ਼ੇਕ ਸ਼ਰਮਾ ਨੇ 34 ਦੌੜਾਂ ਬਣਾਈਆਂ।
ਵਰੁਣ ਨੂੰ ਪਲੇਅਰ ਆਫ਼ ਦ ਸੀਰੀਜ਼
ਹਾਰਦਿਕ ਨੂੰ ਪਲੇਅਰ ਆਫ਼ ਦ ਮੈਚ ਅਤੇ ਵਰੁਣ ਨੂੰ ਪਲੇਅਰ ਆਫ਼ ਦ ਸੀਰੀਜ਼ ਚੁਣਿਆ ਗਿਆ। ਪੰਡਯਾ ਨੇ 16 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਕਿਸੇ ਭਾਰਤੀ ਵੱਲੋਂ ਟੀ-20 ਅੰਤਰਰਾਸ਼ਟਰੀ ‘ਚ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਭਾਰਤੀ ਟੀਮ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਯੁਵਰਾਜ ਸਿੰਘ (12 ਗੇਂਦਾਂ) ਦੇ ਨਾਮ ਹੈ। ਭਾਰਤ ਨੇ 115 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਤਿਲਕ ਵਰਮਾ ਅਤੇ ਹਾਰਦਿਕ ਪੰਡਯਾ ਨੇ ਚੌਥੀ ਵਿਕਟ ਲਈ 44 ਗੇਂਦਾਂ ‘ਤੇ 104 ਦੌੜਾਂ ਦੀ ਸਾਂਝੇਦਾਰੀ ਕੀਤੀ।
ਆਖਰੀ ਟੀ-20I ਨੇ ਭਾਰਤ ਦੇ ਦੱਖਣੀ ਅਫਰੀਕਾ ਦੇ 35 ਦਿਨਾਂ ਦੌਰੇ ਦਾ ਅੰਤ ਕੀਤਾ। ਇਸਦੀ ਸ਼ੁਰੂਆਤ ਦੋ ਟੈਸਟ ਮੈਚਾਂ ਦੀ ਸੀਰੀਜ਼ ਨਾਲ ਹੋਈ, ਜਿਸ ਨੂੰ ਦੱਖਣੀ ਅਫਰੀਕਾ ਨੇ 2-0 ਨਾਲ ਜਿੱਤਿਆ। ਫਿਰ ਭਾਰਤ ਨੇ ਵਨਡੇ 2-1 ਅਤੇ ਪੰਜ ਮੈਚਾਂ ਦੀ ਟੀ-20I ਸੀਰੀਜ਼ 3-1 ਨਾਲ ਜਿੱਤੀ। ਇਸ ਸੀਰੀਜ਼ ਦਾ ਇੱਕ ਮੈਚ ਧੁੰਦ ਕਾਰਨ ਰੱਦ ਕਰ ਦਿੱਤਾ ਗਿਆ ਸੀ।
Read More: AUS ਬਨਾਮ ENG: ਐਸ਼ੇਜ਼ ਸੀਰੀਜ਼ ‘ਚ ਇੰਗਲੈਂਡ ਖ਼ਿਲਾਫ਼ ਟ੍ਰੈਵਿਸ ਹੈੱਡ ਨੇ ਜੜਿਆ ਸੈਂਕੜਾ




